ਵੱਖ ਰਹਿ ਰਹੀ ਮਾਂ ਕੋਲੋਂ ਭੈਣ ਨੂੰ ਲੈ ਕੇ ਗਲਤੀ ਨਾਲ ਚੜ੍ਹ ਗਿਆ ਸੀ ਹੋਰ ਟਰੇਨ

Friday, Jan 12, 2018 - 03:51 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਬੀਤੀ 3 ਜਨਵਰੀ ਨੂੰ ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ਲਾਵਾਰਿਸ ਹਾਲਾਤ 'ਚ ਮਿਲੇ 2 ਬੱਚਿਆਂ ਦੇ ਪਰਿਵਾਰ ਦਾ ਪਤਾ ਲਾ ਕੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਨੇ ਇਕ ਬੱਚੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਹੈ।
ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਕੰਚਨ ਅਰੋੜਾ ਨੇ ਦੱਸਿਆ ਕਿ ਬੀਤੀ 3 ਜਨਵਰੀ ਨੂੰ ਰੇਲਵੇ ਸਟੇਸ਼ਨ ਨਵਾਂਸ਼ਹਿਰ 'ਤੇ 1 ਲੜਕਾ (10) ਤੇ 1 ਲੜਕੀ (5) ਲਾਵਾਰਿਸ ਹਾਲਤ 'ਚ ਘੁੰਮਦੇ ਮਿਲੇ ਸਨ, ਜਿਨ੍ਹਾਂ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੇ ਚਾਈਲਡ ਹੋਮ ਭੇਜ ਦਿੱਤਾ ਗਿਆ ਸੀ। ਕੰਚਨ ਨੇ ਦੱਸਿਆ ਕਿ ਬੱਚਿਆਂ ਤੋਂ ਹਾਸਲ ਜਾਣਕਾਰੀ ਦੇ ਆਧਾਰ 'ਤੇ ਪੁਲਸ ਰਾਹੀਂ ਉਨ੍ਹਾਂ ਦੇ ਹਿਸਾਰ (ਯੂ.ਪੀ.) ਵਾਸੀ ਉਕਤ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਅੱਜ ਬੱਚਿਆਂ ਦੇ ਪਿਤਾ ਤੇ ਹੋਰ ਰਿਸ਼ਤੇਦਾਰ ਦਫਤਰ 'ਚ ਹਾਜ਼ਰ ਹੋਏ। ਲੜਕੇ ਦਾ ਪ੍ਰਮਾਣ ਪੱਤਰ ਅਤੇ ਜ਼ਰੂਰੀ ਦਸਤਾਵੇਜ਼ ਵਿਖਾਉਣ ਉਪਰੰਤ ਲੜਕੇ ਨੂੰ ਪਿਤਾ ਨੂੰ ਸੌਂਪ ਦਿੱਤਾ ਗਿਆ ਪਰ ਲੜਕੀ ਸਬੰਧੀ ਕੋਈ ਪ੍ਰਮਾਣ ਪੱਤਰ ਨਾ ਵਿਖਾਉਣ 'ਤੇ ਫਿਲਹਾਲ ਲੜਕੀ ਨੂੰ ਚਾਈਲਡ ਹੋਮ ਜਲੰਧਰ ਵਿਖੇ ਹੀ ਰੱਖਿਆ ਗਿਆ ਹੈ। 
ਜਾਣਕਾਰੀ ਅਨੁਸਾਰ ਉਕਤ ਦੋਵੇਂ ਬੱਚੇ ਸਗੇ ਭੈਣ-ਭਰਾ ਹਨ। ਕਰੀਬ 4 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਉਨ੍ਹਾਂ ਦੀ ਮਾਂ ਘਰ ਛੱਡ ਕੇ ਪੇਕੇ ਪਰਿਵਾਰ 'ਚ ਚਲੀ ਗਈ ਸੀ। ਉਸ ਸਮੇਂ ਲੜਕੇ ਦੀ ਉਮਰ 6 ਸਾਲ ਤੇ ਲੜਕੀ ਦੀ ਉਮਰ 1 ਸਾਲ ਸੀ। ਲੜਕਾ ਆਪਣੇ ਪਿਤਾ ਕੋਲ ਰਹਿ ਗਿਆ, ਜਦਕਿ ਲੜਕੀ ਨੂੰ ਉਸ ਦੀ ਮਾਂ ਨਾਲ ਲੈ ਗਈ ਸੀ। ਅੱਜ 10 ਸਾਲਾਂ ਦਾ ਉਕਤ ਲੜਕਾ ਆਪਣੀ ਭੈਣ ਨੂੰ ਮਾਂ ਦੇ ਘਰੋਂ ਲੈਣ ਗਿਆ ਸੀ। ਕਿਸੇ ਤਰ੍ਹਾਂ ਉਹ ਆਪਣੀ ਭੈਣ ਨੂੰ ਮਨਾ ਕੇ ਆਪਣੇ ਨਾਲ ਵਾਪਸ ਹਿਸਾਰ ਲਿਆ ਰਿਹਾ ਸੀ ਕਿ ਗਲਤ ਟਰੇਨ 'ਚ ਚੜ੍ਹ ਜਾਣ ਕਾਰਨ ਨਵਾਂਸ਼ਹਿਰ ਪਹੁੰਚ ਗਿਆ। ਕੰਚਨ ਨੇ ਦੱਸਿਆ ਕਿ ਲੜਕਾ ਆਪਣੇ ਪਿਤਾ ਨੂੰ ਪਛਾਣਦਾ ਹੈ, ਜਦੋਂਕਿ ਲੜਕੀ ਆਪਣੇ ਪਿਤਾ ਨੂੰ ਪਛਾਣ ਨਹੀਂ ਰਹੀ ਸੀ, ਜਿਸ ਕਾਰਨ ਲੜਕੀ ਨੂੰ ਬਿਨਾਂ ਦਸਤਾਵੇਜ਼ਾਂ ਦੇ ਪਿਤਾ ਦੇ ਹਵਾਲੇ ਨਾ ਕਰ ਕੇ ਉਸ ਨੂੰ ਚਾਈਲਡ ਹੋਮ ਜਲੰਧਰ ਭੇਜਿਆ ਗਿਆ ਹੈ।


Related News