ਕਿਸਾਨ ਅੰਦੋਲਨ ਦੇ 33 ਦਿਨਾਂ ’ਚ ਰੇਲਵੇ ਨੂੰ ਪਿਆ ਕਰੋੜਾਂ ਦਾ ਘਾਟਾ, 30 ਹਜ਼ਾਰ ਯਾਤਰੀਆਂ ਨੂੰ ਦਿੱਤਾ ਪੂਰਾ ਰਿਫੰਡ
Tuesday, May 21, 2024 - 06:27 PM (IST)
ਜਲੰਧਰ (ਪੁਨੀਤ)–ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਵੱਲੋਂ 17 ਅਪ੍ਰੈਲ ਨੂੰ ਧਰਨਾ-ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ, ਜੋ ਕਿ 33 ਦਿਨਾਂ ਬਾਅਦ ਸਮਾਪਤ ਹੋ ਗਿਆ ਹੈ। ਇਸ ਦੌਰਾਨ ਪੰਜਾਬ ਆਉਣ ਵਾਲਾ ਰੇਲਵੇ ਟਰੈਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਅਤੇ ਟਰੇਨਾਂ ਨੂੰ ਡਾਇਵਰਟ ਰੂਟਾਂ ਜ਼ਰੀਏ ਪੰਜਾਬ ਭੇਜਿਆ ਗਿਆ। ਇਸ ਕਾਰਨ ਲੱਗਭਗ 33 ਦਿਨਾਂ ਵਿਚ ਰੇਲਵੇ ਵੱਲੋਂ 30 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਟਿਕਟਾਂ ਦਾ ਪੂਰਾ ਰਿਫੰਡ ਕਰਨਾ ਪਿਆ, ਜਿਸ ਨਾਲ ਰੇਲਵੇ ਨੂੰ ਕਰੋੜਾਂ ਰੁਪਏ ਦਾ ਘਾਟਾ ਉਠਾਉਣਾ ਪਿਆ।
ਇਹ ਵੀ ਪੜ੍ਹੋ- ਗਰਮੀ ਵਧਣ ਨਾਲ ਡੇਂਗੂ ਤੇ ਚਿਕਨਗੁਨੀਆਂ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ, ਸਿਹਤ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ
ਦੂਜੇ ਪਾਸੇ ਕਿਸਾਨਾਂ ਵੱਲੋਂ ਧਰਨਾ ਖ਼ਤਮ ਕਰਨ ਦੇ ਐਲਾਨ ਤੋਂ ਪਹਿਲਾਂ ਟਰੇਨਾਂ ਦੇ ਦੇਰੀ ਨਾਲ ਆਉਣ ਦਾ ਸਿਲਸਿਲਾ ਕ੍ਰਮਵਾਰ ਜਾਰੀ ਰਿਹਾ। ਸੁਪਰ ਫਾਸਟ ਕੈਟਾਗਰੀ 22487 ਵੰਦੇ ਭਾਰਤ ਐਕਸਪ੍ਰੈੱਸ (ਅੰਮ੍ਰਿਤਸਰ-ਨਵੀਂ ਦਿੱਲੀ) 7 ਘੰਟੇ ਤੋਂ ਵੱਧ ਦੀ ਦੇਰੀ ਨਾਲ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੀ। ਇਸੇ ਤਰ੍ਹਾਂ ਨਾਲ 18238 ਛੱਤੀਸਗੜ੍ਹ ਐਕਸਪ੍ਰੈੱਸ ਸਵਾ 9 ਘੰਟੇ, 12925 ਪਸ਼ਚਿਮ ਐਕਸਪ੍ਰੈੱਸ 2 ਘੰਟੇ, 12030 ਸਵਰਨ ਸ਼ਤਾਬਦੀ ਐਕਸਪ੍ਰੈੱਸ 4 ਘੰਟੇ ਅਤੇ ਸ਼ਤਾਬਦੀ ਦਾ ਦੂਜਾ ਰੂਟ 12029 ਲੱਗਭਗ 6 ਘੰਟੇ ਲੇਟ ਰਹੀ। 11905 ਆਗਰਾ ਐਕਸਪ੍ਰੈੱਸ ਲਗਭਗ 2 ਘੰਟੇ, 12317 ਅਕਾਲ ਤਖ਼ਤ ਐਕਸਪ੍ਰੈੱਸ ਲਗਭਗ 6 ਘੰਟੇ ਦੀ ਦੇਰੀ ਨਾਲ ਪੁੱਜੀ। ਇਸ ਭਿਆਨਕ ਗਰਮੀ ਵਿਚ ਟਰੇਨਾਂ ਦੀ ਉਡੀਕ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨ ਹੁੰਦੇ ਦੇਖਿਆ ਗਿਆ। ਟਰੇਨਾਂ ਦੇ ਆਉਣ ਦੇ ਸਮੇਂ ਦਾ ਸਹੀ ਅਨੁਮਾਨ ਨਾ ਹੋਣ ਕਾਰਨ ਯਾਤਰੀ ਸਮੇਂ ਤੋਂ ਪਹਿਲਾਂ ਘਰਾਂ ਵਿਚੋਂ ਆ ਜਾਂਦੇ ਹਨ ਅਤੇ ਸਟੇਸ਼ਨ ’ਤੇ ਉਡੀਕ ਕਰਦਿਆਂ ਹਾਲੋ-ਬੇਹਾਲ ਹੋ ਜਾਂਦੇ ਹਨ।
ਲੰਮੇ ਰੂਟਾਂ ਕਾਰਨ ਮਹਿੰਗੀ ਪਈ ਆਵਾਜਾਈ ਦੀ ਲਾਗਤ
ਧਰਨੇ ਕਾਰਨ ਰੇਲਵੇ ਵੱਲੋਂ ਟਰੇਨਾਂ ਨੂੰ ਦੂਜੇ ਰੂਟਾਂ ਜ਼ਰੀਏ ਪੰਜਾਬ ਵਿਚ ਭੇਜਿਆ ਜਾ ਰਿਹਾ ਸੀ, ਜਿਸ ਕਾਰਨ ਟਰੇਨਾਂ ਦੀ ਆਵਾਜਾਈ ਲਾਗਤ ਬਹੁਤ ਮਹਿੰਗੀ ਪੈ ਰਹੀ ਸੀ। ਵਿਭਾਗ ਵੱਲੋਂ ਪੰਜਾਬ ਤੋਂ ਦਿੱਲੀ ਵੱਲ ਜਾਣ ਵਾਲੀਆਂ ਟਰੇਨਾਂ ਨੂੰ ਸਾਹਨੇਵਾਲ ਤੋਂ ਚੰਡੀਗੜ੍ਹ ਅਤੇ ਅੰਬਾਲਾ ਹੁੰਦੇ ਹੋਏ ਦਿੱਲੀ ਵੱਲ ਰਵਾਨਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਦੋ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕ ਦੀ ਮੌਤ, ਦੂਜਾ ਜ਼ਖ਼ਮੀ
ਵਧੇਰੇ ਟਰੈਕ ਸਿੰਗਲ ਹੋਣ ਕਾਰਨ ਟਰੇਨਾਂ ਨੂੰ ਰਸਤੇ ਵਿਚ ਖੜ੍ਹਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਟਰੇਨਾਂ ਆਪਣੇ ਤੈਅ ਸਮੇਂ ਤੋਂ ਲੇਟ ਪਹੁੰਚ ਰਹੀਆਂ ਸਨ। ਇਸੇ ਸਿਲਸਿਲੇ ਵਿਚ ਦਿੱਲੀ ਤੋਂ ਪੰਜਾਬ ਆਉਣ ਵਾਲੀਆਂ ਟਰੇਨਾਂ ਨੂੰ ਜਾਖਲ, ਧੂਰੀ ਤੇ ਲੁਧਿਆਣਾ ਜ਼ਰੀਏ ਭੇਜਿਆ ਜਾ ਰਿਹਾ ਹੈ। ਵਧੇਰੇ ਟਰੇਨਾਂ ਨੂੰ ਅੰਬਾਲਾ ਕੈਂਟ ਤੋਂ ਚੰਡੀਗੜ੍ਹ, ਨਿਊ ਮੋਰਿੰਡਾ, ਸਰਹਿੰਦ ਤੇ ਸਾਹਨੇਵਾਲ ਜ਼ਰੀਏ ਜਲੰਧਰ ਤੇ ਅੰਮ੍ਰਿਤਸਰ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰੂਟਾਂ ਜ਼ਰੀਏ ਰੇਲਵੇ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ।
ਇਹ ਵੀ ਪੜ੍ਹੋ- ਲੋਕਾਂ ਦੀਆਂ ਵਧਣਗੀਆਂ ਮੁਸ਼ਕਿਲਾਂ, ਤਾਪਮਾਨ ਪੁੱਜਿਆ 45 ਡਿਗਰੀ, ਜਾਣੋ ਆਉਣ ਵਾਲੇ 7 ਦਿਨਾਂ ਦੀ ਵੱਡੀ ਅਪਡੇਟ
ਰੇਲ ਗੱਡੀਆਂ ਜ਼ਰੀਏ ਚੱਲਣ ਵਾਲਾ ਵਪਾਰ ਵੱਡੇ ਪੱਧਰ ’ਤੇ ਹੋਇਆ ਪ੍ਰਭਾਵਿਤ
ਪੰਜਾਬ ਦੇ ਅਨੇਕ ਕਾਰੋਬਾਰੀਆਂ ਵੱਲੋਂ ਰੇਲਵੇ ਜ਼ਰੀਏ ਮਾਲ ਮੰਗਵਾਇਆ ਜਾਂਦਾ ਹੈ ਅਤੇ ਇਸੇ ਜ਼ਰੀਏ ਭੇਜਿਆ ਜਾਂਦਾ ਹੈ ਪਰ ਇਕ ਮਹੀਨੇ ਤਕ ਟਰੇਨਾਂ ਦੇ ਪ੍ਰਭਾਵਿਤ ਰਹਿਣ ਕਾਰਨ ਵਪਾਰੀਆਂ ਨੂੰ ਬਹੁਤ ਦਿੱਕਤਾਂ ਪੇਸ਼ ਆਈਆਂ। ਇਸ ਕਾਰਨ ਸਮੇਂ ’ਤੇ ਮਾਲ ਨਹੀਂ ਪਹੁੰਚ ਸਕਿਆ, ਜਿਸ ਕਾਰਨ ਸਮੇਂ ’ਤੇ ਮਾਲ ਦੀ ਡਿਲਿਵਰੀ ਨਹੀਂ ਹੋ ਸਕੀ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਦੂਜੇ ਪਾਸੇ ਸੜਕਾਂ ’ਤੇ ਕਿਸਾਨਾਂ ਦੇ ਬੈਠੇ ਹੋਣ ਕਾਰਨ ਟਰੱਕਾਂ ਆਦਿ ਜ਼ਰੀਏ ਮਾਲ ਭੇਜਣ ’ਤੇ ਖਰਚਾ ਜ਼ਿਆਦਾ ਪੈਂਦਾ ਹੈ, ਜਿਸ ਕਾਰਨ ਵਪਾਰੀਆਂ ਵੱਲੋਂ ਰੇਲਵੇ ਨੂੰ ਮਹੱਤਵ ਦਿੱਤਾ ਜਾਂਦਾ ਹੈ। ਹੁਣ ਕਿਉਂਕਿ ਧਰਨਾ ਖਤਮ ਹੋ ਗਿਆ ਹੈ, ਇਸ ਨਾਲ ਵਪਾਰੀਆਂ ਨੂੰ ਰਾਹਤ ਮਿਲੇਗੀ।
ਰੇਲਵੇ ਨੂੰ ਹੋਇਆ 163 ਕਰੋੜ ਰੁਪਏ ਦਾ ਨੁਕਸਾਨ
ਕਿਸਾਨਾਂ ਦੇ ਅੰਦੋਲਨ ਕਾਰਨ 33 ਦਿਨਾਂ 'ਚ 5500 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਰੇਲ ਗੱਡੀਆਂ ਦੇ ਰੱਦ ਹੋਣ ਅਤੇ ਟਿਕਟਾਂ ਦੇ ਰਿਫੰਡ ਕਾਰਨ ਰੇਲਵੇ ਨੂੰ ਲਗਭਗ 163 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੰਜਾਬ-ਹਰਿਆਣਾ ਸਰਹੱਦ 'ਤੇ ਸਥਿਤ ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦੀ 34 ਦਿਨਾਂ ਤੋਂ ਚੱਲ ਰਹੇ ਧਰਨੇ ਕਾਰਨ ਬਠਿੰਡਾ-ਸ਼੍ਰੀਗੰਗਾਨਗਰ ਸੈਕਸ਼ਨ ਦੀਆਂ ਕਈ ਰੇਲ ਗੱਡੀਆਂ ਰੱਦ ਹੋ ਰਹੀਆਂ ਸੀ। ਇਸ ਦੌਰਾਨ ਹਰਿਦੁਆਰ-ਰਿਸ਼ੀਕੇਸ਼, ਬਠਿੰਡਾ ਤੋਂ ਬਰਨਾਲਾ, ਅੰਬਾਲਾ ਤੋਂ ਸਹਾਰਨਪੁਰ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8