ਸਿਟੀ ਤੇ ਕੈਂਟ ਰੇਲਵੇ ਸਟੇਸ਼ਨਾਂ ''ਤੇ ਜਲੰਧਰ ਪੁਲਸ ਦਾ ਕਾਸੋ ਓਪਰੇਸ਼ਨ, ਜੁਆਇੰਟ ਸੀਪੀ ਖੁਦ ਸੰਭਾਲੀ ਕਮਾਨ
Tuesday, Nov 11, 2025 - 06:48 PM (IST)
ਜਲੰਧਰ (ਕੁੰਦਨ/ਪੰਕਜ) : ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ ਸਿਟੀ ਰੇਲਵੇ ਸਟੇਸ਼ਨ ਅਤੇ ਕੈਂਟ ਰੇਲਵੇ ਸਟੇਸ਼ਨ ‘ਤੇ ਇੱਕ ਵਿਸਤ੍ਰਿਤ CASO (Cordon and Search Operation) ਚਲਾਇਆ ਗਿਆ। ਇਹ ਓਪਰੇਸ਼ਨ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਦੇਖਰੇਖ ਹੇਠ ਕੀਤਾ ਗਿਆ ਅਤੇ ਜੁਆਇੰਟ ਸੀਪੀ ਸੰਦੀਪ ਕੁਮਾਰ ਸ਼ਰਮਾ, ਏਡੀਸੀਪੀ-I ਆਕਰਸ਼ੀ ਜੈਨ ਅਤੇ ਏਡੀਸੀਪੀ-II ਹਰਿੰਦਰ ਸਿੰਘ ਗਿੱਲ ਨੇ ਖੁਦ ਮੌਕੇ ‘ਤੇ ਪਹੁੰਚ ਕੇ ਓਪਰੇਸ਼ਨ ਦੀ ਨਿਗਰਾਨੀ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਕਾਸੋ ਓਪਰੇਸ਼ਨ ਲਈ ਕੁੱਲ 250 ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ, ਜਿਨ੍ਹਾਂ ਵਿੱਚ RPF (ਰੇਲਵੇ ਪ੍ਰੋਟੈਕਸ਼ਨ ਫੋਰਸ), GRP (ਗਵਰਨਮੈਂਟ ਰੇਲਵੇ ਪੁਲਿਸ) ਅਤੇ ARP (ਐਂਟੀ ਰਾਇਟ ਪੁਲਿਸ) ਦੀਆਂ ਟੀਮਾਂ ਸ਼ਾਮਲ ਸਨ। ਓਪਰੇਸ਼ਨ ਦੌਰਾਨ ਦੋਹਾਂ ਸਟੇਸ਼ਨਾਂ ਦੇ ਹਰ ਹਿੱਸੇ — ਇੰਟਰੀ ਅਤੇ ਐਗਜ਼ਿਟ ਪਾਇੰਟਸ, ਪਲੇਟਫਾਰਮ, ਅਤੇ ਵੇਟਿੰਗ ਹਾਲਜ਼ — ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ।
CASO ਦੌਰਾਨ ਯਾਤਰੀਆਂ, ਸਮਾਨ ਅਤੇ ਵਾਹਨਾਂ ਦੀ ਤਲਾਸ਼ੀ ਅਧੁਨਿਕ ਉਪਕਰਣਾਂ ਜਿਵੇਂ ਕਿ ਹੈਂਡਹੈਲਡ ਮੈਟਲ ਡਿਟੈਕਟਰ ਅਤੇ ਬੈਗੇਜ ਸਕੈਨਰ ਦੀ ਮਦਦ ਨਾਲ ਕੀਤੀ ਗਈ। PAIS ਐਪ ਦੀ ਵਰਤੋਂ ਕਰਕੇ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਰਿਕਾਰਡ ਦੀ ਪੁਸ਼ਟੀ ਕੀਤੀ ਗਈ। ਸੁਰੱਖਿਆ ਜਾਂਚ ਦੇ ਹਿੱਸੇ ਵਜੋਂ CCTV ਕੈਮਰਿਆਂ ਦੀ ਕਾਰਗੁਜ਼ਾਰੀ, ਯਾਤਰੀਆਂ ਦਾ ਸਮਾਨ, ਅਤੇ ਸਟੇਸ਼ਨ ਅੰਦਰਲੇ ਦੁਕਾਨਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਗਈ। ਇਸ ਤੋਂ ਇਲਾਵਾ, ਪਾਰਕਿੰਗ ਖੇਤਰਾਂ ਦੀ ਵਿਸਤ੍ਰਿਤ ਜਾਂਚ ਕੀਤੀ ਗਈ ਅਤੇ VAHAN ਐਪ ਰਾਹੀਂ ਵਾਹਨਾਂ ਦੀ ਮਾਲਕੀ ਦੀ ਪੁਸ਼ਟੀ ਕੀਤੀ ਗਈ।

ਸ਼ਹਿਰ ਵਿੱਚ ਚੌਕਸੀ ਨੂੰ ਹੋਰ ਮਜ਼ਬੂਤ ਕਰਨ ਲਈ ਖਾਸ ਨੱਕੇ ਮੁੱਖ ਚੌਰਾਹਿਆਂ ‘ਤੇ ਲਗਾਏ ਗਏ ਅਤੇ ਮੌਕੇ ‘ਤੇ ਮੌਜੂਦ ਪੁਲਸ ਅਧਿਕਾਰੀਆਂ ਨੂੰ ਚੌਵੀ ਘੰਟੇ ਸਾਵਧਾਨ ਰਹਿਣ ਦੇ ਹੁਕਮ ਦਿੱਤੇ ਗਏ।
ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ, ਖਾਸਕਰ ਜਨਤਕ ਥਾਵਾਂ, ਆਵਾਜਾਈ ਕੇਂਦਰਾਂ ਅਤੇ ਵੱਧ ਭੀੜ ਵਾਲੇ ਖੇਤਰਾਂ ਵਿੱਚ। ਜਲੰਧਰ ਪੁਲਸ ਨੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਗੈਰ-ਕਾਨੂੰਨੀ ਜਾਂ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਸ ਹੈਲਪਲਾਈਨ (112) 'ਤੇ ਸੂਚਿਤ ਕਰਨ ਦੀ ਅਪੀਲ ਵੀ ਕੀਤੀ ਹੈ।
