ਗੋਨਿਆਣਾ ਮੰਡੀ ''ਚ ਰਾਜਸਥਾਨੀ ਝੋਨੇ ਨੂੰ ਲੈ ਕੇ ਕਰੋੜਾਂ ਦਾ ਘਪਲਾ, ਕਿਸਾਨਾਂ ਨੇ ਕੀਤੀ ਜਾਂਚ ਦੀ ਮੰਗ
Tuesday, Nov 04, 2025 - 04:02 PM (IST)
ਗੋਨਿਆਣਾ ਮੰਡੀ (ਗੋਰਾ ਲਾਲ) : ਮਾਰਕੀਟ ਕਮੇਟੀ ਗੋਨਿਆਣਾ ਦੇ ਅਧੀਨ ਆਉਂਦੇ ਸੈਂਟਰਾਂ 'ਚ ਇਸ ਵਾਰ ਖ਼ਰੀਦ ਮੌਸਮ ਦੌਰਾਨ ਜੋ ਕੁੱਝ ਹੋਇਆ ਹੈ, ਉਸ ਨੇ ਸੂਬਾ ਭਰ ਦੇ ਕਿਸਾਨਾਂ ਅਤੇ ਆੜ੍ਹਤੀਆਂ 'ਚ ਚਰਚਾ ਦਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਪੂਰੇ ਪੰਜਾਬ 'ਚ ਜਿੱਥੇ ਇਸ ਵਾਰ ਝਾੜ ਸਿਰਫ਼ 60 ਮਣ ਪ੍ਰਤੀ ਏਕੜ ਦੇ ਆਸ-ਪਾਸ ਹੀ ਨਿਕਲਿਆ, ਉੱਥੇ ਗੋਨਿਆਣਾ ਮੰਡੀ ਦੇ ਅਧੀਨ ਆਉਂਦੇ ਸੈਂਟਰਾਂ 'ਚ ਤਕਰੀਬਨ 100 ਫ਼ੀਸਦੀ ਖ਼ਰੀਦ ਦਰਜ ਹੋਣਾ ਆਪਣੇ ਆਪ ਵਿੱਚ ਹੀ ਵੱਡਾ ਪ੍ਰਸ਼ਨ ਚਿੰਨ੍ਹ ਹੈ। ਜਦੋਂ ਪੈਦਾਵਾਰ ਘੱਟ ਨਿਕਲੀ, ਫਿਰ ਖ਼ਰੀਦ ਪੂਰੀ ਕਿਵੇਂ ਹੋ ਸਕਦੀ ਹੈ? ਇਸ ਦੇ ਪਿੱਛੇ ਚੱਲ ਰਿਹਾ ਧੰਦਾ ਹੌਲੀ-ਹੌਲੀ ਬੇਨਕਾਬ ਹੋ ਰਿਹਾ ਹੈ, ਜਿਸ ਦਾ ਮਾਸਟਰ ਮਾਈਂਡ ਇਲਾਕੇ ਦਾ ਹੀ ਇੱਕ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸ ਨੇ ਕੁੱਝ ਆੜ੍ਹਤੀਆਂ ਅਤੇ ਅਧਿਕਾਰੀਆਂ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਕਾਲੀ ਕਮਾਈ ਦਾ ਜਾਲ ਤਾਣਿਆ। ਇਹ ਸਾਰਾ ਖੇਡ ਰਾਜਸਥਾਨ ਤੋਂ ਆਏ ਘਟੀਆ ਗੁਣਵੱਤਾ ਵੱਧ ਮੈਚਿਓਰ ਵਾਲੇ ਝੋਨੇ ਨਾਲ ਖੇਡਿਆ ਗਿਆ, ਜੋ ਗੋਨਿਆਣਾ ਮੰਡੀ ਅਤੇ ਉਸ ਦੇ ਅਧੀਨ ਸੈਂਟਰਾਂ ਵਿੱਚ ਚੁੱਪਚਾਪ ਲਿਆਂਦਾ ਗਿਆ। ਮਾਰਕੀਟ ਕਮੇਟੀ ਨੇ ਕੁੱਝ ਸਥਾਨਾਂ ਤੋਂ ਗੈਰ-ਕਾਨੂੰਨੀ ਮਾਲ ਫੜ੍ਹਿਆ ਵੀ ਪਰ ਬਾਅਦ ਵਿੱਚ ਵੱਡੀ ਮਾਤਰਾ ਵਿਚ ਮਾਲ ਛੱਡ ਦਿੱਤਾ ਗਿਆ, ਜੋ ਸਿੱਧਾ ਸੰਕੇਤ ਕਰਦਾ ਹੈ ਕਿ ਮਾਮਲੇ ਵਿੱਚ ਉੱਚ ਪੱਧਰ ਤੱਕ ਮਿਲੀ-ਭੁਗਤ ਹੋ ਸਕਦੀ ਹੈ।
ਮੰਡੀ ਦੇ ਜਾਣਕਾਰਾਂ ਮੁਤਾਬਕ ਇਹ ਕੰਮ ਕੋਈ ਇਕ ਦਿਨ ਦੀ ਕਹਾਣੀ ਨਹੀਂ, ਸਗੋਂ ਪੂਰੀ ਯੋਜਨਾ ਤਹਿਤ ਚੱਲਿਆ। ਕਈ ਆੜ੍ਹਤੀਆਂ ਨੇ ਰਾਜਸਥਾਨ ਤੋਂ ਘਟੀਆ ਕਿਸਮ ਦਾ ਝੋਨਾ ਮੰਗਵਾ ਕੇ ਪੰਜਾਬੀ ਕਿਸਾਨਾਂ ਦੀ ਮਿਹਨਤ ਨਾਲ ਧੋਖਾ ਕੀਤਾ। ਇਸ ਸਾਰੀ ਗਤੀਵਿਧੀ ਦਾ ਮੂਲ ਬਿੰਦੂ ਉਹ ਵਿਅਕਤੀ ਹੈ, ਜੋ ਆਪਣੇ ਆਪ ਨੂੰ 'ਸਿਸਟਮ ਦਾ ਖਿਡਾਰੀ' ਕਹਿੰਦਾ ਹੈ ਅਤੇ ਅਧਿਕਾਰੀਆਂ ਨਾਲ ਮਿਲ ਕੇ ਹਰ ਕੰਮ ਸੈੱਟ ਕਰਦਾ ਹੈ। ਸੂਤਰਾਂ ਦੇ ਅਨੁਸਾਰ ਇਹ ਵਿਅਕਤੀ ਕਈ ਸੈਲਰਾਂ ਤੇ ਸਰਕਾਰੀ ਅਫ਼ਸਰਾਂ ਨਾਲ ਗੂੜ੍ਹੀ ਮਿਲੀ-ਭੁਗਤ ਰੱਖਦਾ ਹੈ। ਉਸ ਨੇ ਰਾਜਸਥਾਨ ਤੋਂ ਟਰਾਲੀਆਂ ਭਰ ਝੋਨਾ ਮੰਗਵਾ ਕੇ ਗੋਨਿਆਣਾ ਮੰਡੀ ਤੇ ਨੇੜਲੇ ਸੈਂਟਰਾਂ ਵਿੱਚ ਸਰਕਾਰੀ ਖ਼ਰੀਦ ਵਜੋਂ ਖਪਾ ਦਿੱਤਾ। ਝੋਨਾ ਇੰਨਾ ਘਟੀਆ ਸੀ ਕਿ ਕਿਸੇ ਨੇ ਦੇਖਿਆ ਹੋਵੇ ਤਾਂ ਤੁਰੰਤ ਪਛਾਣ ਲਵੇ ਕਿ ਇਹ ਪੰਜਾਬੀ ਝੋਨਾ ਨਹੀਂ ਪਰ ਅਫ਼ਸਰਾਂ ਦੀ ਮਿਲੀ-ਭੁਗਤ ਦੇ ਕਾਰਨ ਇਹ ਝੋਨਾ ਬੇਰੋਕ-ਟੋਕ ਸੈਲਰਾਂ ਵਿੱਚ ਉਤਾਰਿਆ ਗਿਆ ਅਤੇ ਕਾਗਜ਼ਾਂ ’ਤੇ ਦਰਜ ਹੋ ਗਿਆ। ਜਿਵੇਂ ਇਹ ਸਥਾਨਕ ਕਿਸਾਨਾਂ ਦਾ ਹੀ ਮਾਲ ਹੋਵੇ।
ਇਸ ਗੈਰ-ਕਾਨੂੰਨੀ ਵਪਾਰ ਵਿੱਚ ਕਈ ਆੜ੍ਹਤੀਏ, ਸੈਲਰ ਮਾਲਕ ਅਤੇ ਕੁੱਝ ਵੱਡੇ ਅਧਿਕਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਪ੍ਰੈੱਸ ਮੀਡੀਆ ਰਾਹੀਂ ਕਿਸਾਨਾਂ ਅਤੇ ਆੜ੍ਹਤੀਆਂ ਨੇ ਖੁੱਲ੍ਹੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਨਹੀਂ, ਸਿੱਧੀ ਸੀ. ਬੀ. ਆਈ. ਤੋਂ ਕਰਾਈ ਜਾਵੇ ਤਾਂ ਜੋ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਆ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸੀ. ਬੀ. ਆਈ. ਦੀ ਜਾਂਚ ਹੋਈ ਤਾਂ ਕਰੋੜਾਂ ਰੁਪਏ ਦੇ ਘਪਲੇ ਅਤੇ ਅਫ਼ਸਰਾਂ ਦੀਆਂ ਕਾਲੀਆਂ ਕਮਾਈਆਂ ਸਭ ਦੇ ਸਾਹਮਣੇ ਆ ਜਾਣਗੀਆਂ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਵਧੀਆ ਝੋਨਾ ਮੰਡੀ ਵਿੱਚ ਰੁਲਦਾ ਰਿਹਾ, ਉਦੋਂ ਦੂਸਰੇ ਪਾਸੇ ਰਾਜਸਥਾਨ ਦਾ ਘਟੀਆ ਮਾਲ ਸੈਲਰਾਂ ਵਿੱਚ ਉਤਾਰਿਆ ਗਿਆ ਅਤੇ ਉਹ ਵੀ ਉੱਚ ਦਰਾਂ ’ਤੇ। ਇਸ ਨਾਲ ਨਾ ਸਿਰਫ਼ ਸਰਕਾਰ ਨੂੰ ਨੁਕਸਾਨ ਪਹੁੰਚਿਆ, ਸਗੋਂ ਪੰਜਾਬੀ ਕਿਸਾਨ ਦੀ ਮਿਹਨਤ ਦਾ ਮਜ਼ਾਕ ਬਣਾਇਆ ਗਿਆ।
