ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਿਹਮੀ ਨਾਲ ਕਤਲ
Thursday, Nov 06, 2025 - 01:20 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਬਣੀ ਹੋਈ ਰੇਲਵੇ ਪਲੇਟੀ ਤੋਂ ਜੀ. ਆਰ. ਪੀ. ਪੁਲਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਸ ਨੇ ਖ਼ੂਨ ਨਾਲ ਲਥਪਥ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ। ਮ੍ਰਿਤਕ ਦੇ ਨਾਲ ਕੰਮ ਕਰਦੇ ਉਸ ਦੇ ਸਾਥੀ ਇਸ ਨੂੰ ਕਤਲ ਦੀ ਵਾਰਦਾਤ ਕਹਿ ਰਹੇ ਹਨ। ਜੀ. ਆਰ. ਪੀ. ਪੁਲਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੀ ਪਲੇਟੀ ਉੱਪਰ ਲਾਸ਼ ਪਈ ਹੋਣ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਮੌਕੇ ਉੱਪਰ ਪੁੱਜੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਖ਼ੂਨ ਨਾਲ ਲਥਪਥ ਹੈ ਮ੍ਰਿਤਕ ਦੇ ਸਿਰ ਦੇ ਅੱਗੇ ਅਤੇ ਪਿੱਛੇ ਸੱਟ ਦੇ ਨਿਸ਼ਾਨ ਹਨ। ਨਜ਼ਦੀਕ ਹੀ ਇਕ ਪੱਥਰ ਵੀ ਬਰਾਮਦ ਹੋਇਆ ਹੈ, ਜਿਸ ਉੱਪਰ ਖ਼ੂਨ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਜੀਤੂ ਕੇਵਟ (35) ਪੁੱਤਰ ਮਹਿਸਰ ਕੇਵਟ ਵਾਸੀ ਪਿੰਡ ਸੁਹਾਣਵਾ ਥਾਣਾ ਖਾਮੋਸ਼ੀ ਜ਼ਿਲਾ ਖਗੜੀਆ ਬਿਹਾਰ ਵਜੋਂ ਹੋਈ ਹੈ ਜੋ ਕਿ ਠੇਕੇਦਾਰ ਮੋਨੀ ਵਾਸੀ ਪਿੰਡ ਗੱਜਪੁਰ ਬੇਲਾ ਦੇ ਕੋਲ ਰੇਲਵੇ ਮਾਲ ਗੱਡੀ ਦੇ ਡੱਬਿਆਂ ਵਿਚ ਸੀਮੇਂਟ ਦੀਆਂ ਬੋਰੀਆਂ ਲੋਡ ਕਰਨ ਦਾ ਕੰਮ ਕਰਦਾ ਸੀ। ਰਾਤ ਇਹ ਆਪਣੇ ਡੇਰੇ ਤੋਂ ਪੁਰਾਣਾ ਬੱਸ ਅੱਡਾ ਕੀਰਤਪੁਰ ਸਾਹਿਬ ਨੂੰ ਆਇਆ ਸੀ ਪਰ ਵਾਪਸ ਆਪਣੇ ਡੇਰੇ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਮ੍ਰਿਤਕ ਕੋਲ 7500 ਰੁਪਏ ਅਤੇ ਮੋਬਾਈਲ ਫੋਨ ਸੀ, ਜੋਕਿ ਮੌਕੇ ’ਤੇ ਨਹੀਂ ਮਿਲਿਆ ਹੈ ਜਿਸ ਤੋਂ ਇਹ ਲੁੱਟ-ਖੋਹ ਲਈ ਕਤਲ ਕੀਤੇ ਹੋਣ ਦਾ ਮਾਮਲਾ ਜਾਪਦਾ ਹੈ। ਸਾਡੇ ਵੱਲੋਂ ਬੀ. ਐੱਨ. ਐੱਸ. ਦੀ ਧਾਰਾ 103 ਦੇ ਤਹਿਤ ਕਤਲ ਦਾ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਏਅਰਪੋਰਟ 'ਚ ਬਦਲਿਆ ਗਿਆ ਫਲਾਈਟਸ ਦਾ ਸਮਾਂ, ਜਾਣੋ ਨਵੀਂ Timing

ਇਸ ਮੌਕੇ ਮੌਜੂਦ ਪ੍ਰਵਾਸੀ ਮਜ਼ਦੂਰ ਜੋਕਿ ਰੇਲਵੇ ਸਟੇਸ਼ਨ ਦੇ ਨੇੜੇ ਰੇਲਵੇ ਲਾਈਨ ਤੋਂ ਪਾਰ ਡੇਰਾ ਬਣਾ ਕੇ ਰਹਿੰਦੇ ਹਨ, ਨੇ ਦੱਸਿਆ ਕਿ ਉਹ ਅਤੇ ਮ੍ਰਿਤਕ ਜੀਤੂ ਕੇਵਟ ਅਤੇ ਉਸ ਦਾ ਜੀਜਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੋਨੀ ਠੇਕੇਦਾਰ ਵਾਸੀ ਪਿੰਡ ਗੱਜਪੁਰ ਕੋਲ ਕੰਮ ਕਰਦੇ ਹਨ, ਮੋਨੀ ਠੇਕੇਦਾਰ ਵੱਲੋਂ ਕਿਸੇ ਪ੍ਰਾਈਵੇਟ ਕੰਪਨੀ ਤੋਂ ਰੇਲ ਮਾਲ ਗੱਡੀ ਦੇ ਡੱਬਿਆਂ ਵਿਚ ਸੀਮੇਂਟ ਦੀਆਂ ਬੋਰੀਆਂ ਲੋਡ ਕਰਨ ਦਾ ਕੰਮ ਲਿਆ ਹੋਇਆ ਹੈ। ਮੋਨੀ ਠੇਕੇਦਾਰ ਵੱਲੋਂ ਆਪਣੇ ਪਾਸ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੱਲ੍ਹ ਪੈਸੇ ਦਿੱਤੇ ਗਏ ਸਨ, ਜਿਨ੍ਹਾਂ ਨੇ ਆਪਸ ਵਿਚ ਪੈਸੇ ਵੰਡ ਲਏ ਸਨ। ਜੀਤੂ ਕੇਵਟ ਨੂੰ ਸਾਰਾ ਖ਼ਰਚਾ ਕੱਢ ਕੇ 9500 ਰੁਪਏ ਕੰਮ ਕਰਨ ਦੇ ਮਿਲੇ ਸਨ, ਜਿਸ ਨੇ ਆਪਣੇ ਇਕ ਸਾਥੀ ਤੋਂ ਬਿਹਾਰ ਆਪਣੇ ਘਰ ਨੂੰ 2000 ਰੁਪਏ ਗੂਗਲ ਪੇਅ ਕਰਵਾ ਦਿੱਤੇ ਸਨ ਅਤੇ 7500 ਰੁਪਏ ਹੋਰ ਆਪਣੇ ਘਰ ਨੂੰ ਭੇਜਣ ਲਈ ਰਾਤ 8 ਵਜੇ ਡੇਰੇ ਤੋਂ ਸ੍ਰੀ ਕੀਰਤਪੁਰ ਸਾਹਿਬ ਦੇ ਪੁਰਾਣੇ ਬਸ ਅੱਡੇ ਨੂੰ ਗਿਆ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਜੀਤੂ ਕੇਵਟ ਨੂੰ ਆਪਣਾ ਆਧਾਰ ਕਾਰਡ ਨਹੀਂ ਲੱਭਾ ਸੀ, ਜਿਸ ਕਾਰਨ ਉਹ ਆਪਣੇ ਜੀਜੇ ਦਾ ਫੋਨ ਆਪਣੇ ਨਾਲ ਲੈ ਗਿਆ ਸੀ ਜਿਸ ਵਿਚ ਉਸ ਦੇ ਆਧਾਰ ਕਾਰਡ ਦੀ ਫੋਟੋ ਖਿੱਚੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜੀਤੂ ਕੇਵਟ ਕੋਲ ਆਪਣਾ ਮੋਬਾਇਲ ਫੋਨ ਨਹੀਂ ਸੀ, ਉਹ ਆਪਣੇ ਜੀਜੇ ਦਾ ਹੀ ਫੋਨ ਵਰਤਦਾ ਸੀ। ਉਨ੍ਹਾਂ ਦੱਸਿਆ ਕਿ ਰਾਤ 9 ਵਜੇ ਉਹ ਰੋਟੀ ਖਾ ਕੇ ਸੋ ਗਏ, ਸਵੇਰੇ ਜਦੋਂ ਉਹ ਉੱਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਡੇਰੇ ਦਾ ਇਕ ਵਿਅਕਤੀ ਜੀਤੂ ਕੇਵਟ ਲਾਪਤਾ ਹੈ, ਉਹ ਰਾਤ ਦਾ ਹੀ ਡੇਰੇ ਵਾਪਸ ਨਹੀਂ ਪੁੱਜਾ ਹੈ। ਜਿਸ ਤੋਂ ਬਾਅਦ ਉਸ ਦੀ ਅਸੀਂ ਤਲਾਸ਼ ਕੀਤੀ ਅਤੇ ਸਵੇਰੇ 6 ਵਜੇ ਉਸ ਦੀ ਲਾਸ਼ ਰੇਲਵੇ ਪਲੇਟੀ ਉੱਪਰ ਤੋਂ ਮਿਲੀ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! ਦੋ ਦਿਨ ਮੀਂਹ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ
ਉਨ੍ਹਾਂ ਦੱਸਿਆ ਕਿ ਮ੍ਰਿਤਕ ਜੀਤੂ ਕੇਵਟ ਦੇ ਸਿਰ ਦੇ ਅੱਗੇ ਅਤੇ ਪਿੱਛੇ ਪੱਥਰ ਨਾਲ ਵਾਰ ਕੀਤੇ ਹੋਏ ਸਨ। ਸਿਰ ਵਿਚੋਂ ਕਾਫ਼ੀ ਖ਼ੂਨ ਬਾਹਰ ਨਿਕਲ ਕੇ ਪਲੇਟੀ ਉੱਪਰ ਆ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਤੜਕੇ 4 ਵਜੇ ਮ੍ਰਿਤਕ ਪਾਸ ਜੋ ਫੋਨ ਸੀ, ਉਸ ਤੋਂ ਮ੍ਰਿਤਕ ਦੇ ਘਰ ਮੋਬਾਇਲ 'ਤੇ ਕਾਲ ਵੀ ਗਈ ਸੀ ਪਰ ਮ੍ਰਿਤਕ ਦੀ ਘਰਵਾਲੀ ਸੁੱਤੀ ਪਈ ਸੀ, ਜਿਸ ਕਾਰਨ ਉਹ ਫੋਨ ਸੁਣ ਨਹੀਂ ਸਕੀ, ਇਹ ਫੋਨ ਜੀਤੂ ਕੇਵਟ ਨੇ ਕੀਤਾ ਜਾਂ ਕਾਤਲਾਂ ਨੇ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਮ੍ਰਿਤਕ ਕੋਲ ਜੋ ਮੋਬਾਇਲ ਫੋਨ ਅਤੇ 7500 ਰੁਪਏ ਸਨ, ਉਹ ਲਾਸ਼ ਕੋਲ ਬਰਾਮਦ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਜੀਤੂ ਕੇਵਟ ਨੂੰ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਉਸਦੇ ਸਿਰ ਵਿਚ ਅੱਗੇ ਅਤੇ ਪਿੱਛੇ ਪੱਥਰ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਕੋਲੋਂ ਮੋਬਾਇਲ ਫੋਨ ਅਤੇ 7500 ਰੁਪਏ ਲੁੱਟ ਲਏ । ਉਨ੍ਹਾਂ ਕਿਹਾ ਕਿ ਇਹ ਲੁੱਟ ਖੋਹ ਕਰਨ ਲਈ ਕਤਲ ਕੀਤਾ ਗਿਆ ਹੈ। ਉਨ੍ਹਾਂ ਰੇਲਵੇ ਪੁਲਸ ਤੋਂ ਮੰਗ ਕੀਤੀ ਕਿ ਕਤਲ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇਕ ਲੜਕੀ ਤੇ ਦੋ ਲੜਕੇ ਛੱਡ ਗਿਆ ਹੈ। ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਿਣਤੀ 300 ਦੇ ਕਰੀਬ ਹੈ ਉਹ ਆਪਣੀ ਇਕ ਦਿਨ ਦੀ ਕਮਾਈ ਇਕੱਠੀ ਕਰ ਕੇ ਮ੍ਰਿਤਕ ਦੇ ਪਰਿਵਾਰ ਨੂੰ ਦੇਣਗੇ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਪੈਂਦੀ ਪਲੇਟੀ ਉੱਪਰ ਇਕ ਦੋ ਕਤਲ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਸ੍ਰੀ ਕੀਰਤਪੁਰ ਸਾਹਿਬ ਵਿਖੇ ਅਣਗਿਣਤ ਨਸ਼ੇੜੀ ਅਤੇ ਚੱਕਰਵਰਤੀ ਵਿਅਕਤੀ ਘੁੰਮਦੇ ਰਹਿੰਦੇ ਹਨ, ਬੀਤੀ ਰਾਤ ਵੀ ਲੋਕਾਂ ਵੱਲੋਂ ਰੇਲਵੇ ਸਟੇਸ਼ਨ ਨਜ਼ਦੀਕ ਚਾਰ ਦੇ ਕਰੀਬ ਨਸ਼ੇੜੀ ਕਿਸਮ ਦੇ ਅਣਪਛਾਤੇ ਵਿਅਕਤੀ ਘੁੰਮਦੇ ਵੇਖੇ ਗਏ।
ਇਹ ਵੀ ਪੜ੍ਹੋ: ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ ਖ਼ੁਲਾਸੇ, ਬੱਸ ਤੋਂ ਉਤਰ ਕੇ ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
