ਸ਼ਹਿਰ ''ਚ ਆਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕ ਪ੍ਰੇਸ਼ਾਨ
Saturday, Nov 11, 2017 - 12:43 AM (IST)
ਗੁਰਦਾਸਪੁਰ, (ਵਿਨੋਦ)- ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਲੋਕ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦਾ ਅਜਿਹਾ ਕੋਈ ਵੀ ਚੌਕ, ਚੌਰਾਹਾ ਜਾਂ ਮੁਹੱਲਾ ਨਹੀਂ ਹੋਵੇਗਾ, ਜਿਥੇ ਆਵਾਰਾਂ ਕੁੱਤਿਆਂ ਦੀ ਭਰਮਾਰ ਨਾ ਹੋਵੇ। ਨਗਰ ਕੌਂਸਲ ਵੱਲੋਂ ਗੰਦਗੀ ਸੁੱਟਣ ਲਈ ਲਾਏ ਗਏ ਡੰਪ ਕੋਲ ਅਕਸਰ ਕੁੱਤਿਆਂ ਦਾ ਝੁੰਡ ਮੰਡਰਾਉਂਦਾ ਰਹਿੰਦਾ ਹੈ, ਜੋ ਕਿ ਰਾਤ ਤੇ ਤੜਕਸਾਰ ਇਕੱਲੇ ਵਿਅਕਤੀ ਨੂੰ ਵੇਖ ਕੇ ਅਕਸਰ ਹਮਲਾ ਕਰ ਦਿੰਦੇ ਹਨ। ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਦੇ ਬਾਵਜੂਦ ਸਬੰਧਿਤ ਵਿਭਾਗ ਇਸ ਪ੍ਰਤੀ ਗੰਭੀਰ ਦਿਖਾਈ ਨਹੀਂ ਦਿੰਦਾ।
ਕਦੋਂ ਕਰਦੇ ਹਨ ਕੁੱਤੇ ਹਮਲਾ
ਸ਼ਹਿਰ 'ਚ ਨਗਰ ਕੌਂਸਲ ਵੱਲੋਂ ਲਾਏ ਗਏ ਕੂੜੇ ਦੇ ਡੰਪ ਨੇੜੇ ਅਕਸਰ ਕੁੱਤਿਆਂ ਦਾ ਝੁੰਡ ਗੰਦਗੀ ਖਾਣ ਲਈ ਇਕੱਠਾ ਰਹਿੰਦਾ ਹੈ ਅਤੇ ਲੋਕ ਅਜਿਹੇ ਰਸਤਿਆਂ ਤੋਂ ਲੰਘਣ ਲਈ ਡਰਦੇ ਹਨ। ਕੁੱਤੇ ਵਿਅਕਤੀ 'ਤੇ ਉਸ ਸਮੇਂ ਹਮਲਾ ਕਰਦੇ ਹਨ, ਜਦ ਉਹ ਡੰਪ 'ਚ ਕੂੜਾ ਸੁੱਟਣ ਜਾਂਦਾ ਹੈ। ਜ਼ਿਆਦਾਤਰ ਕੁੱਤਿਆਂ ਦਾ ਸ਼ਿਕਾਰ ਤੜਕਸਾਰ ਸੈਰ ਕਰਨ ਜਾਣ ਵਾਲੇ ਜਾਂ ਰਾਤ ਇਕੱਲੇ ਅਜਿਹੇ ਸਥਾਨਾਂ ਤੋਂ ਲੰਘਣ ਵਾਲੇ ਲੋਕ ਹੁੰਦੇ ਹਨ।
ਬੱਚੇ, ਬਜ਼ੁਰਗ ਤੇ ਔਰਤਾਂ 'ਚ ਜ਼ਿਆਦਾ ਡਰ ਦਾ ਮਾਹੌਲ
ਕੁੱਤਿਆਂ ਦੀ ਦਹਿਸ਼ਤ ਨਾਲ ਜ਼ਿਆਦਾਤਰ ਬੱਚੇ, ਬਜ਼ੁਰਗ ਤੇ ਔਰਤਾਂ 'ਚ ਡਰ ਦਾ ਮਾਹੌਲ ਹੈ। ਸਕੂਲ ਜਾਣ ਸਮੇਂ ਜਦ ਬੱਚੇ ਕੂੜਾ ਡੰਪ ਦੇ ਨੇੜੇ ਸਕੂਲੀ ਵਾਹਨਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਤਾਂ ਅਕਸਰ ਆਵਾਰਾ ਕੁੱਤੇ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਹਨ। ਆਵਾਰਾ ਕੁੱਤੇ ਸਰਕਾਰੀ ਸਕੂਲਾਂ ਦੇ ਮੈਦਾਨ, ਕਾਲਜ ਕੰਪਲੈਕਸ ਦੇ ਆਸ-ਪਾਸ ਵੀ ਘੁੰਮਦੇ ਰਹਿੰਦੇ ਹਨ ਕਿਉਂਕਿ ਇਸ ਖੇਤਰ 'ਚ ਉਨ੍ਹਾਂ ਨੂੰ ਆਸਾਨੀ ਨਾਲ ਥਾਂ ਮਿਲ ਜਾਂਦੀ ਹੈ ਅਤੇ ਜਦ ਕਦੀ ਕੋਈ ਇਸ ਸੁੰਨਸਾਨ ਖੇਤਰ ਤੋਂ ਨਿਕਲਦਾ ਹੈ ਤਾਂ ਇਹ ਉਸ 'ਤੇ ਹਮਲਾ ਕਰ ਦਿੰਦੇ ਹਨ।
ਕੀ ਕਹਿਣੈ ਸ਼ਹਿਰ ਵਾਸੀਆਂ ਦਾ
ਇਸ ਸਬੰਧੀ ਸ਼ਹਿਰ ਵਾਸੀਆਂ ਅਸ਼ੋਕ ਵੈਦ, ਰਾਜੇਸ਼ ਜੋਤੀ, ਰਮਨ ਬਹਿਲ, ਪੰਕਜ ਮਹਾਜਨ, ਵਰੁਣ ਆਨੰਦ, ਦਿਨੇਸ਼ ਮਹਾਜਨ, ਨਿਤਿਨ ਮਹਾਜਨ, ਰਾਜਨ ਮਿੱਤਲ, ਅਸ਼ੋਕ ਦਲਾਲ ਤੇ ਸਾਬਕਾ ਪ੍ਰੀਸ਼ਦ ਕੇਵਲ ਮਹਾਜਨ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿ ਸ਼ਹਿਰ 'ਚੋਂ ਆਵਾਰਾ ਕੁੱਤਿਆਂ ਨੂੰ ਖਤਮ ਕਰਵਾਇਆ ਜਾਵੇ ਅਤੇ ਵਿਸ਼ੇਸ਼ ਕਰ ਕੇ ਸਿਹਤ ਸੰਸਥਾਵਾਂ 'ਚ ਆਵਾਰਾ ਕੁੱਤਿਆਂ ਦੇ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਤਾਂ ਕਿ ਜਦ ਕੋਈ ਅਚਨਚੇਤ ਆਵਾਰਾ ਕੁੱਤੇ ਦੇ ਕੱਟਣ ਨਾਲ ਜ਼ਖਮੀ ਵਿਅਕਤੀ ਆਉਂਦਾ ਹੈ ਤਾਂ ਉਸ ਦਾ ਤੁਰੰਤ ਇਲਾਜ ਕੀਤਾ ਜਾ ਸਕੇ। ਲੋਕਾਂ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਕਰ ਕੇ ਇਨ੍ਹਾਂ ਨੂੰ ਖਤਮ ਕੀਤਾ ਜਾ ਸਕਦਾ ਹੈ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਅਧਿਕਾਰੀ
ਇਸ ਸਬੰਧੀ ਜਦ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਕਈ ਵਾਰ ਉਠਿਆ ਹੈ। ਕੁੱਤਿਆਂ ਦੀ ਨਸਬੰਦੀ ਇਕ ਵਧੀਆ ਹੱਲ ਹੈ ਪਰ ਇਹ ਮਹਿੰਗਾ ਪ੍ਰਾਜੈਕਟ ਹੈ। ਆਵਾਰਾ ਕੁੱਤਿਆਂ ਨੂੰ ਮਾਰਨਾ ਹੁਣ ਕਾਨੂੰਨੀ ਜੁਰਮ ਹੈ ਅਤੇ ਇਸ ਲਈ ਸਰਕਾਰ ਨੂੰ ਹੀ ਕੋਈ ਕਦਮ ਚੁੱਕਣਾ ਹੋਵੇਗਾ। ਇਹ ਸਮੱਸਿਆ ਦਿਨੋ-ਦਿਨ ਵੱਧਦੀ ਜਾ ਰਹੀ ਹੈ।
ਹਲਕਾਏ ਕੁੱਤੇ ਦਾ ਸ਼ਿਕਾਰ ਹੋਈ ਬਜ਼ੁਰਗ ਔਰਤ ਨੇ ਤੋੜਿਆ ਦਮ
ਬਟਾਲਾ, (ਸੈਂਡੀ/ਸਾਹਿਲ)-ਬੀਤੇ ਦਿਨ ਪਿੰਡ ਦਾਬਾਂਵਾਲ ਕਲਾਂ ਵਿਖੇ ਪਿੰਡ ਦੇ ਹੀ ਵਿਅਕਤੀਆਂ ਨਾਲ ਹਲਕਾਏ ਕੁੱਤੇ ਦਾ ਸ਼ਿਕਾਰ ਹੋਈ ਬਜ਼ੁਰਗ ਔਰਤ ਦੀ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਚਰਨ ਸਿੰਘ ਅਤੇ ਸਾਬਕਾ ਸਰਪੰਚ ਸੇਵਾ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹਲਕਾਏ ਕੁੱਤੇ ਨੇ ਸੁਰਜੀਤ ਕੌਰ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਔਰਤ ਦੇ ਰੌਲਾ ਪਾਉਣ 'ਤੇ ਸਾਡੇ ਗੁਆਂਢੀ ਨਿਰਮਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਕੁੱਤਿਆਂ ਦੇ ਝੁੰਡ ਤੋਂ ਬਚਾਇਆ, ਜਿਸ ਨੂੰ ਤੁਰੰਤ ਅਸੀਂ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਵਾਰਾ ਕੁੱਤਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।