AQI 256: ਹਵਾ ’ਚ ਪ੍ਰਦੂਸ਼ਣ ਅਤੇ ਮੌਸਮ ’ਚ ਬਦਲਾਅ ਕਾਰਨ ਸ਼ਹਿਰ ਵਾਸੀ ਹੋ ਰਹੇ ਬੀਮਾਰ
Thursday, Nov 14, 2024 - 05:38 AM (IST)
ਜਲੰਧਰ (ਜਸਪ੍ਰੀਤ) : ਖੇਤਾਂ ਵਿਚ ਪਰਾਲੀ ਸਾੜਨ ਕਾਰਨ ਦਿਨ ਭਰ ਹਵਾ ਵਿਚ ਪ੍ਰਦੂਸ਼ਣ ਰਿਹਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਹੋਈ। ਦੂਜੇ ਪਾਸੇ ਦਿਨ ਅਤੇ ਰਾਤ ਦੇ ਮੌਸਮ ਵਿਚ ਬਦਲਾਅ ਕਾਰਨ ਸ਼ਹਿਰ ਦੇ ਅਨੇਕਾਂ ਕਲੀਨਿਕਾਂ ਅਤੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਭੀੜ ਲੱਗੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੌਸਮ ਵਿਚ ਬਦਲਾਅ ਅਤੇ ਪਰਾਲੀ ਸਾੜਨ ਨਾਲ ਹਵਾ ਵਿਚ ਹੋਏ ਪ੍ਰਦੂਸ਼ਣ ਕਾਰਨ ਗਲੇ ਅਤੇ ਨੱਕ ਵਿਚ ਖਾਰਿਸ਼, ਖਾਂਸੀ ਅਤੇ ਅੱਖਾਂ ਵਿਚ ਜਲਣ ਦੇ ਕੇਸ ਆ ਰਹੇ ਹਨ। ਜ਼ਹਿਰੀਲੀ ਹਵਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਹਵਾ ਵਿਚ ਜ਼ਹਿਰੀਲੇ ਕਣ ਫੇਫੜਿਆਂ ਵਿਚ ਸੋਜ ਪੈਦਾ ਕਰ ਕੇ ਅਸਥਮਾ, ਟੀ. ਬੀ. ਅਤੇ ਐਲਰਜੀ ਦੇ ਮਰੀਜ਼ਾਂ ਦੀ ਸਾਹ ਪ੍ਰਣਾਲੀ ਪ੍ਰਭਾਵਿਤ ਕਰ ਰਹੇ ਹਨ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਮਰੀਜ਼ਾਂ ਦੀ ਗਿਣਤੀ ਕਾਫੀ ਵਧ ਰਹੀ ਹੈ। ਪਿਛਲੇ 2 ਹਫਤਿਆਂ ਤੋਂ ਓ. ਪੀ. ਡੀ. ਵਿਚ ਅਸਥਮਾ, ਛਾਤੀ ਰੋਗ, ਖਾਂਸੀ, ਪੇਟ ਦੀ ਬੀਮਾਰੀ ਅਤੇ ਐਲਰਜੀ ਦੇ ਮਰੀਜ਼ਾਂ ਦੀ ਗਿਣਤੀ ਵਿਚ 30 ਫੀਸਦੀ ਦੇ ਲੱਗਭਗ ਵਾਧਾ ਦਰਜ ਕੀਤਾ ਗਿਆ ਹੈ। ਡਾਕਟਰਾਂ ਦੀ ਰਾਇ ਮੰਨੀਏ ਤਾਂ ਘਰੋਂ ਬਾਹਰ ਨਿਕਲਣ ਸਮੇਂ ਸ਼ਹਿਰ ਵਾਸੀ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਅਤੇ ਚਸ਼ਮੇ ਦੀ ਵਰਤੋਂ ਕਰਨ ਅਤੇ ਸਵੇਰੇ-ਸ਼ਾਮ ਠੰਢ ਕਾਰਨ ਹਲਕੇ ਗਰਮ ਕੱਪੜੇ ਪਹਿਨਣ, ਜਿਸ ਨਾਲ ਕਾਫੀ ਹੱਦ ਤਕ ਇਸ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇਗਾ।