ਸ਼ਹਿਰ ਫੈਲੇ ਧੂੰਏਂ ਕਾਰਨ ਮਰੀਜ਼ਾਂ ਦੀ ਗਿਣਤੀ ’ਚ 25 ਫ਼ੀਸਦੀ ਵਾਧਾ

Thursday, Nov 14, 2024 - 10:42 AM (IST)

ਬਠਿੰਡਾ (ਸੁਖਵਿੰਦਰ) : ਵਾਤਾਵਰਣ ਵਿਚ ਫੈਲੇ ਧੂੰਏਂ ਦੀ ਚਾਦਰ ਨੇ ਜਿੱਥੇ ਆਮ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ, ਉੱਥੇ ਹੀ ਸਾਹ, ਅੱਖਾਂ, ਛਾਤੀ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ’ਚ ਵੀ 25 ਫ਼ੀਸਦੀ ਵਾਧਾ ਹੋ ਰਿਹਾ ਹੈ। ਸਿਵਲ ਹਸਪਤਾਲ ’ਚ ਸਾਹ ਦਮੇ ਅਤੇ ਅੱਖਾਂ ਦੀ ਓ. ਪੀ. ਡੀ. ’ਚ ਇਕਦਮ ਉਛਾਲ ਆ ਗਿਆ। ਡਾਕਟਰਾਂ ਦੇ ਕੈਬਿਨਾਂ ਦੇ ਬਾਹਰ ਭੀੜ ਵੱਧਣ ਲੱਗੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਦਿਨਾਂ ਵਿਚ ਹੀ ਮਰੀਜ਼ਾਂ ਦੀ ਗਿਣਤੀ ’ਚ 20 ਤੋਂ 25 ਫ਼ੀਸਦੀ ਦਾ ਵਾਧਾ ਹੋਇਆ ਹੈ। ਸਿਵਲ ਹਸਪਤਾਲ ਦੇ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਧੂੰਏਂ ਅਤੇ ਧੁੰਦ ਦੇ ਰਲਣ ਕਾਰਨ ਗੈਸਾਂ ਦਾ ਬਹੁਤ ਹੀ ਖ਼ਤਰਨਾਕ ਮਿਸ਼ਰਣ ਬਣਦਾ ਹੈ, ਜਿਸ ਨਾਲ ਸਾਹ ਲੈਣ ਅਤੇ ਦਮੇ ਦੇ ਮਰੀਜ਼ਾਂ ਦੀ ਸਮੱਸਿਆ ਵੱਧ ਜਾਂਦੀ ਹੈ।

ਅਜਿਹੇ ਮਰੀਜ਼ਾਂ ਦੀ ਦੁਬਾਰਾ ਜਾਂਚ ਕਰ ਕੇ ਉਨ੍ਹਾਂ ਨੂੰ ਦਵਾਈਆਂ ਦੇਣੀਆਂ ਪੈਂਦੀਆਂ ਹਨ ਜਾਂ ਉਨ੍ਹਾਂ ਦੀਆਂ ਦਵਾਈਆਂ ਨੂੰ ਬਦਲਣਾ ਪੈਂਦਾ ਹੈ। ਇਸ ਤੋਂ ਇਲਾਵਾ ਛਾਤੀ ’ਚ ਦਰਦ, ਸਿਰ ਦਰਦ ਅਤੇ ਅੱਖਾਂ ’ਚ ਜਲਣ ਆਦਿ ਦੇ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ ਅਤੇ ਜ਼ਿਆਦਾਤਰ ਮਾਮਲੇ ਇਸੇ ਤਰ੍ਹਾਂ ਦੇ ਹਨ। ਉਨ੍ਹਾਂ ਲੋਕਾਂ ਖ਼ਾਸ ਕਰ ਜਿਹੜੇ ਲੋਕ ਪਹਿਲਾਂ ਹੀ ਸਾਹ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਹਨ, ਨੂੰ ਧੂੰਏਂ ਦੇ ਮੱਦੇਨਜ਼ਰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਉਹ ਜਲਦੀ ਹੀ ਇਸ ਧੂੰਏਂ ਤੋਂ ਪ੍ਰਭਾਵਿਤ ਹੋ ਸਕਦੇ ਹਨ ਅਤੇ ਕਈ ਬੀਮਾਰੀਆਂ ਉਨ੍ਹਾਂ ਨੂੰ ਫੜ੍ਹ ਸਕਦੀਆਂ ਹਨ।


Babita

Content Editor

Related News