ਰਾਹ ਨਾ ਦੇਣ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਲੋਕ ਗ੍ਰਿਫ਼ਤਾਰ
Saturday, Nov 16, 2024 - 04:45 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਦੇ ਅਧੀਨ ਆਉਂਦੇ ਪਿੰਡ ਲਖਮੀਰ ਕੇ ਉਤਾੜ ਵਿਖੇ ਰਸਤਾ ਨਾ ਦੇਣ ਨੂੰ ਲੈ ਕੇ ਗੋਲੀਆਂ ਚੱਲ ਗਈਆਂ। ਇਸ ਸਬੰਧੀ ਥਾਣਾ ਮਮਦੋਟ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵੀਰਪਾਲ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਲਖਮੀਰ ਕੇ ਉਤਾੜ ਨੇ ਦੱਸਿਆ ਕਿ ਉਸ ਦਾ ਦਿਓਰ ਜਸਵੰਤ ਸਿੰਘ ਉਰਫ਼ ਬਿੱਲੂ ਟਰੈਕਟਰ ਲੈ ਕੇ ਘਰ ਆ ਰਿਹਾ ਸੀ। ਇਸ ਦੌਰਾਨ ਗੁਰਮੇਲ ਸਿੰਘ ਪੁੱਤਰ ਅਜੀਤ ਸਿੰਘ ਵੀ ਟਰੈਕਟਰ ਲੈ ਕੇ ਆ ਰਿਹਾ ਸੀ ਤਾਂ ਗੁਰਮੇਲ ਸਿੰਘ ਬਰਾਬਰ ਟਰੈਕਟਰ ਲਗਾ ਕੇ ਜਸਵੰਤ ਸਿੰਘ ਨੂੰ ਗਾਲੀ-ਗਲੋਚ ਕਰਨ ਲੱਗਾ ਕਿ ਮੈਨੂੰ ਟਰੈਕਟਰ ਲੰਘਾਉਣ ਦਾ ਰਸਤਾ ਨਹੀਂ ਦਿੱਤਾ।
ਪਿੰਡ ਵਾਲਿਆਂ ਨੇ ਮਿਲ ਕੇ ਦੋਹਾਂ ਦਾ ਸਮਝੌਤਾ ਕਰਵਾਇਆ। 14 ਨਵੰਬਰ 2024 ਨੂੰ ਕਰੀਬ 2.30 ਵਜੇ ਗੁਰਮੇਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਸ ਦੀ ਦਰਾਣੀ ਪ੍ਰਵੀਨ ਕੌਰ ਨੂੰ ਲਲਕਾਰਾ ਮਾਰਿਆ ਕਿ ਕੱਢੋ ਜਸਵੰਤ ਸਿੰਘ ਅਤੇ ਕੁਲਵੰਤ ਸਿੰਘ ਨੂੰ, ਜਿਸ ਨੇ ਸਾਡੇ ਟਰੈਕਟਰ ਨੂੰ ਰਸਤਾ ਨਹੀਂ ਦਿੱਤਾ। ਵੀਰਪਾਲ ਕੌਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਨੇ 12 ਬੋਰ ਰਾਈਫਲ ਨਾਲ ਪ੍ਰਵੀਨ ਕੌਰ ’ਤੇ ਫਾਇਰ ਕੀਤਾ।
ਉਨ੍ਹਾਂ ਵੱਲੋਂ ਬਚਾਅ ਲਈ ਰੌਲਾ ਪਾਉਣ 'ਤੇ ਦੋਸ਼ੀਅਨ ਸੁਖਵਿੰਦਰ ਸਿੰਘ, ਗੁਰਮੇਲ ਸਿੰਘ, ਬੁੱਧ ਪ੍ਰਕਾਸ਼ ਪੁੱਤਰ ਗੁਰਦੀਪ ਸਿੰਘ, ਸੂਰਤ ਸਿੰਘ ਉਰਫ ਗੱਗੂ ਪੁੱਤਰ ਗੁਰਦੀਪ ਸਿੰਘ, ਲਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ, ਸ਼ਾਨਤੋ ਬਾਈ ਪਤਨੀ ਮੋਹਨ ਸਿੰਘ ਵਾਸੀਅਨ ਲਖਮੀਰ ਕੇ ਉਤਾੜ ਅਤੇ 4-5 ਅਣਪਛਾਤੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਸ਼ੀ ਸੁਖਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬਾਕੀ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।