ਪੰਜਾਬ ਵਾਸੀਆਂ ''ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ

Saturday, Nov 09, 2024 - 10:05 AM (IST)

ਫਾਜ਼ਿਲਕਾ : ਪੰਜਾਬ ਸਣੇ ਫਾਜ਼ਿਲਕਾ ਜ਼ਿਲ੍ਹੇ 'ਚ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਮਾੜਾ ਹੁੰਦਾ ਜਾ ਰਿਹਾ ਹੈ। ਇਸ ਕਾਰਨ ਇੱਥੋਂ ਦੀ ਆਬੋ-ਹਵਾ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ ਹਾਈਵੇ, ਬਾਜ਼ਾਰ, ਗਲੀਆਂ, ਹਸਪਤਾਲ ਅਤੇ ਚੌਂਕ-ਚੌਰਾਹਿਆਂ 'ਚ ਹਰ ਥਾਂ ਪ੍ਰਦੂਸ਼ਣ ਨੇ ਆਪਣਾ ਘੇਰਾ ਪਾ ਲਿਆ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ਼ ਅਤੇ ਹੋਰ ਵੀ ਕਈ ਬੀਮਾਰੀਆਂ ਲੱਗ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਅੱਖਾਂ 'ਚ ਜਲਣ ਹੋ ਰਹੀ ਹੈ ਅਤੇ ਗਲੇ 'ਚ ਖ਼ਰਾਸ਼ ਹੁੰਦੀ ਹੈ। ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਲੋਕਾਂ ਨੇ ਕਿਹਾ ਕਿ ਹਵਾ 'ਚ ਪ੍ਰਦੂਸ਼ਣ ਇਸ ਕਦਰ ਵੱਧ ਗਿਆ ਹੈ ਕਿ ਘਰ ਤੋਂ ਬਾਹਰ ਨਿਕਲਣ ਲਈ ਵੀ ਸੋਚਣਾ ਪੈਂਦਾ ਹੈ ਕਿ ਬਾਹਰ ਜਾਈਏ ਜਾਂ ਨਹੀਂ।

ਇਹ ਵੀ ਪੜ੍ਹੋ : ਝੋਨਾ ਵੱਢਣ ਲਈ 80 ਸਾਲਾ ਬੇਬੇ 'ਤੇ FIR ਦਰਜ, ਭੁੱਬਾਂ ਮਾਰਦੀ ਨੇ ਬਿਆਨ ਕੀਤਾ ਦਿਲ ਦਾ ਦਰਦ

ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਅਤੇ ਜੇਕਰ ਹਾਲਾਤ ਇੰਝ ਹੀ ਬਣੇ ਰਹੇ ਤਾਂ ਇਹ ਪ੍ਰਦੂਸ਼ਿਤ ਹਵਾ ਜਾਨਲੇਵਾ ਸਾਬਿਤ ਹੋ ਸਕਦੀ ਹੈ। ਸਿਰਫ ਇੰਨਾ ਹੀ ਨਹੀਂ, ਜਦੋਂ ਲੋਕ ਬੀਮਾਰ ਹੋ ਕੇ ਹਸਪਤਾਲ ਪਹੁੰਚਦੇ ਹਨ ਤਾਂ ਅੱਗਿਓਂ ਸਰਕਾਰੀ ਹਸਪਤਾਲ ਦਾ ਸਟਾਫ਼ ਵੀ ਇਸ ਸਮੱਸਿਆ ਨਾਲ ਜੂਝਦਾ ਨਜ਼ਰ ਆ ਰਿਹਾ ਹੈ। ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਪ੍ਰਦੂਸ਼ਣ ਕਾਰਨ ਪ੍ਰਭਾਵਿਤ ਲੋਕਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਲੋਕਾਂ ਨੂੰ ਸਾਹ ਲੈਣ 'ਚ ਬਹੁਤ ਦਿੱਕਤ ਆ ਰਹੀ ਹੈ ਅਤੇ ਲਗਾਤਾਰ ਮਰੀਜ਼ ਵੱਧ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਵੱਡੇ ਅਫ਼ਸਰ ਨੂੰ ਕੀਤਾ ਗਿਆ Suspend, ਜਾਣੋ ਕੀ ਹੈ ਪੂਰਾ ਮਾਮਲਾ
ਪਰਾਲੀ ਸਾੜਨ ਦੀਆਂ ਘਟਨਾਵਾਂ ਵਧੀਆਂ
ਦੱਸਣਯੋਗ ਹੈ ਕਿ ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਪੰਜਾਬ ਦੇ 5 ਜ਼ਿਲ੍ਹੇ ਆਰੇਂਜ ਅਲਰਟ 'ਤੇ ਹਨ। ਮੰਡੀ ਗੋਬਿੰਦਗੜ੍ਹ 'ਚ ਏ. ਕਿਊ. ਆਈ. ਸਭ ਤੋਂ ਵੱਧ 360 ਦਰਜ ਕੀਤਾ ਗਿਆ। ਅੰਮ੍ਰਿਤਸਰ 'ਚ ਏ. ਕਿਊ. ਆਈ. 240 ਸੀ, ਜਦੋਂ ਕਿ ਸਭ ਤੋਂ ਵੱਧ 312 ਤੱਕ ਪਹੁੰਚ ਗਿਆ ਸੀ। ਇਸੇ ਤਰ੍ਹਾਂ ਬਠਿੰਡਾ ਦਾ ਔਸਤ ਏ. ਕਿਊ. ਆਈ. 170, ਜਲੰਧਰ ਦਾ 173, ਖੰਨਾ ਦਾ 202, ਲੁਧਿਆਣਾ ਦਾ 216 ਅਤੇ ਰੂਪਨਗਰ ਦਾ ਏ. ਕਿਊ. ਆਈ. 225 ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


Babita

Content Editor

Related News