ਕਾਰ ਦੀ ਟੱਕਰ ਕਾਰਨ ਚੌਕੀਦਾਰ ਦੀ ਮੌਤ
Friday, Dec 22, 2017 - 06:56 AM (IST)
ਗੁਰਾਇਆ, (ਮੁਨੀਸ਼)- ਟਰੱਕ ਯੂਨੀਅਨ ਗੁਰਾਇਆ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ (55) ਪੁੱਤਰ ਕੇਹਰ ਸਿੰਘ ਵਾਸੀ ਪੱਤੀ ਰਾਊਕੇ ਰੁੜਕਾ ਕਲਾਂ ਜੋ ਕਿ ਹੈਂਡੀਕੈਪ ਸੀ, ਟਰੱਕ ਯੂਨੀਅਨ ਗੁਰਾਇਆ 'ਚ ਬਤੌਰ ਚੌਕੀਦਾਰ ਕੰਮ ਕਰਦਾ ਸੀ। ਵੀਰਵਾਰ ਸਵੇਰੇ ਡਿਊਟੀ ਤੋਂ ਛੁੱਟੀ ਕਰ ਕੇ ਜਦ ਆਪਣੇ ਘਰ ਜਾਣ ਲਈ ਨੈਸ਼ਨਲ ਹਾਈਵੇ ਦਾ ਪੁਲ ਪੈਦਲ ਪਾਰ ਕਰ ਕੇ ਜਾਣ ਲੱਗਾ ਤਾਂ ਲੁਧਿਆਣਾ ਤੋਂ ਫਗਵਾੜਾ ਵੱਲ ਜਾ ਰਹੀ ਤੇਜ਼ ਰਫਤਾਰ ਕਾਰ ਜਿਸ ਨੂੰ ਜਸਜੋਤ ਸਿੰਘ ਸਪੁੱਤਰ ਦਲਜੀਤ ਸਿੰਘ ਵਾਸੀ ਪ੍ਰੀਤਮ ਨਗਰ ਲੁਧਿਆਣਾ ਚਲਾ ਰਿਹਾ ਸੀ, ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮਹਿੰਦਰ ਸਿੰਘ ਤਕਰੀਬਨ 60 ਫੁੱਟ ਦੂਰ ਜੀ. ਟੀ. ਰੋਡ ਦੇ ਡਿਵਾਈਡਰ ਤੋਂ ਦੂਸਰੇ ਪਾਸੇ ਜਾ ਕੇ ਡਿੱਗਾ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਕਾਰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ।
