ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਦਰਦਨਾਕ ਘਟਨਾ, ਅਕਾਲੀ ਉਮੀਦਵਾਰ ਦੇ ਪਤੀ ਦੀ ਮੌਤ
Sunday, Dec 14, 2025 - 09:21 PM (IST)
ਬਠਿੰਡਾ (ਵਿਜੇ ਵਰਮਾ) : ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਇੱਕ ਬਹੁਤ ਹੀ ਦਰਦਨਾਕ ਅਤੇ ਦੁੱਖਦਾਈ ਘਟਨਾ ਸਾਹਮਣੇ ਆਈ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਜਸਕਰਨ ਕੌਰ (ਹਲਕਾ ਬਹਿਮਨ ਦੀਵਾਨਾ) ਦੇ ਪਤੀ ਜਥੇਦਾਰ ਜਗਸੀਰ ਸਿੰਘ ਬੱਲੂਆਨਾ ਦੀ ਐਤਵਾਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਐਤਵਾਰ ਨੂੰ ਜਦੋਂ ਸਕੂਲ ਵਿੱਚ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਸੀ, ਉਸ ਸਮੇਂ ਜਥੇਦਾਰ ਜਗਸੀਰ ਸਿੰਘ ਬੱਲੂਆਨਾ ਪੋਲਿੰਗ ਏਜੰਟ ਵਜੋਂ ਆਪਣੀ ਡਿਊਟੀ ਨਿਭਾ ਰਹੇ ਸਨ। ਵੋਟਾਂ ਪੈਂਦਿਆਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਜ਼ਮੀਨ ‘ਤੇ ਡਿੱਗ ਪਏ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ, ਪਰ ਡਾਕਟਰਾਂ ਵੱਲੋਂ ਬਚਾਉਣ ਦੀਆਂ ਸਭ ਕੋਸ਼ਿਸ਼ਾਂ ਨਾਕਾਮ ਰਹੀਆਂ ਅਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਥੇਦਾਰ ਜਗਸੀਰ ਸਿੰਘ ਬੱਲੂਆਨਾ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਬਾਅਦ 'ਚ ਉਨ੍ਹਾਂ ਦੀ ਲਾਸ਼ ਨੂੰ ਪਿੰਡ ਬਹਿਮਨ ਦੀਵਾਨਾ ਲਿਆਂਦਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਅੰਤਿਮ ਦਰਸ਼ਨ ਕੀਤੇ ਗਏ। ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਦਰਦਨਾਕ ਘਟਨਾ ਕਾਰਨ ਚੋਣੀ ਮਾਹੌਲ ਵੀ ਕੁਝ ਸਮੇਂ ਲਈ ਗਮਗੀਨ ਬਣ ਗਿਆ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਜਸਕਰਨ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਪਰਿਵਾਰ ਨੂੰ ਇਹ ਅਸਹਿਣੀ ਘੜੀ ਸਹਿਣ ਦੀ ਹਿੰਮਤ ਦੇਣ ਲਈ ਅਰਦਾਸ ਕੀਤੀ ਗਈ।
