ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ

Saturday, Dec 20, 2025 - 03:42 PM (IST)

ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ-ਬਨੂੰੜ ਰੋਡ ’ਤੇ ਛੱਤ ਲਾਈਟਾਂ ਕੋਲ ਅਮਲਤਾਸ ਪੈਲੇਸ ਨੇੜੇ ਦਰਦਨਾਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਕਾਰਨ ਪੀ.ਜੀ.ਆਈ. ਚੰਡੀਗੜ੍ਹ ’ਚ ਜ਼ੇਰੇ ਇਲਾਜ ਹੈ। ਮਾਮਲੇ ਸਬੰਧੀ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਪ੍ਰਵੀਨ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮਕਾਨ ਨੰਬਰ-7 ਵਾਰਡ-5 ਬਨੂੰੜ ਨੇ ਦੱਸਿਆ ਕਿ 18 ਦਸੰਬਰ ਨੂੰ ਉਹ ਆਪਣਾ ਕੰਮ ਨਿਬੇੜ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜ਼ੀਰਕਪੁਰ ਤੋਂ ਬਨੂੰੜ ਵੱਲ ਜਾ ਰਿਹਾ ਸੀ। ਉਸ ਦੇ ਅੱਗੇ ਉਸ ਦਾ ਭਤੀਜਾ ਧੈਰਯ ਪੁੱਤਰ ਅਸ਼ਵਨੀ ਕੁਮਾਰ ਤੇ ਉਸ ਦਾ ਦੋਸਤ ਸ਼ਿਵਮ ਵੱਖਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ। ਮੋਟਰਸਾਈਕਲ ਨੂੰ ਸ਼ਿਵਮ ਚਲਾ ਰਿਹਾ ਸੀ।

ਦੁਪਹਿਰ 2 ਵਜੇ ਛੱਤ ਲਾਈਟਾਂ ਕੋਲ ਅਮਲਤਾਸ ਪੈਲੇਸ ਨੇੜੇ ਟਰੱਕ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਟਰੱਕ ਚਲਾਉਂਦਿਆਂ ਧੈਰਯ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਨੌਜਵਾਨ ਟਰੱਕ ਦੇ ਪਿਛਲੇ ਟਾਇਰ ਹੇਠਾਂ ਆ ਗਏ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਧੈਰਯ ਦੀ ਮੌਤ ਹੋ ਗਈ ਜਦਕਿ ਸ਼ਿਵਮ ਦੀ ਹਾਲਤ ਨਾਜ਼ੁਕ ਹੈ। ਪੁਲਸ ਨੇ ਹਾਦਸੇ ਲਈ ਕਥਿਤ ਮੁਲਜ਼ਮ ਟਰੱਕ ਚਾਲਕ ਸੰਜੇ ਕੁਮਾਰ ਵਾਸੀ ਦੁਲਦੀ ਗੇਟ ਨਾਭਾ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


author

Anmol Tagra

Content Editor

Related News