ਖੇਤਾਂ ’ਚ ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ
Wednesday, Dec 10, 2025 - 11:08 AM (IST)
ਅਬੋਹਰ (ਸੁਨੀਲ) : ਨੇੜਲੇ ਪਿੰਡ ਧਰਮਪੁਰਾ ਤੋਂ ਕੇਵਲ ਕੁੱਝ ਦੂਰੀ ’ਤੇ ਬਣੀ ਢਾਣੀ ਮਾਂਡਲਾ ਨੇੜੇ ਬੀਤੀ ਦੇਰ ਰਾਤ ਇਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਖੇਤਾਂ ’ਚ ਪਲਟ ਗਈ। ਟਰੈਕਟਰ ਚਲਾ ਰਹੇ ਨੌਜਵਾਨ ਦੀ ਦੁਖਦਾਈ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਜੇ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੇ ਪਰਿਵਾਰ ਦੀ ਖੇਤੀ ’ਚ ਮਦਦ ਕਰ ਰਿਹਾ ਸੀ ਜਦੋਂ ਉਹ ਬੀਤੀ ਰਾਤ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਸ਼ੇਰਗੜ੍ਹ ਵਾਸੀ ਹੈਪੀ ਪੁੱਤਰ ਲੇਖਰਾਮ ਨਿਰਾਣੀਆਂ ਉਮਰ ਕਰੀਬ 21-22 ਸਾਲ ਕੱਲ ਆਪਣੇ ਟਰੈਕਟਰ-ਟਰਾਲੀ ’ਚ ਕਿੰਨੂ ਭਰ ਕੇ ਅਬੋਹਰ ਮੰਡੀ ’ਚ ਵੇਚਣ ਆਇਆ ਸੀ ਅਤੇ ਕਿੰਨੂ ਵੇਚਣ ਬਾਅਦ ਰਾਤ ਨੂੰ ਵਾਪਸ ਆਪਣੇ ਪਿੰਡ ਟਰੈਕਟਰ-ਟਰਾਲੀ ਲੈ ਕੇ ਜਾ ਰਿਹਾ ਸੀ ਕਿ ਜਦ ਉਹ ਢਾਣੀ ਮਾਂਡਲਾ ਨੇੜੇ ਪਹੁੰਚਿਆ ਤਾਂ ਅਚਾਨਕ ਉਸ ਦਾ ਟਰੈਕਟਰ ਬੇਕਾਬੂ ਹੋ ਗਿਆ ਅਤੇ ਸੜਕ ਤੋਂ ਕਾਫੀ ਹੇਠਾਂ ਖੇਤਾਂ ’ਚ ਕੰਟੀਲੀ ਤਾਰਾਂ ਨੂੰ ਤੋੜਦੇ ਹੋਏ ਟਰਾਲੀ-ਟਰੈਕਟਰ ਪਲਟ ਗਿਆ।
ਜਿਸ ਹੇਠਾਂ ਦਬਣ ਕਾਰਨ ਉਸ ਦੀ ਮੌਤ ਹੋ ਗਈ। ਉਥੋਂ ਲੰਘ ਰਹੇ ਹੋਰ ਰਾਹਗੀਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਬਹੁਤ ਮੁਸ਼ਕਿਲ ਨਾਲ ਬਾਹਰ ਕੱਢਿਆ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਘਟਨਾ ਦਾ ਪਤਾ ਲੱਗਦੇ ਹੀ ਪੂਰੇ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ। ਉਸ ਦਾ ਅੰਤਿਮ ਸੰਸਕਾਰ ਦੁਪਹਿਰ ਪਿੰਡ ਦੇ ਸ਼ਮਸ਼ਾਨਘਾਟ ’ਚ ਬਹੁਤ ਹੀ ਸੋਗਮਈ ਮਾਹੌਲ ’ਚ ਕੀਤਾ ਗਿਆ।
