ਲਿਫਟ ਦੇ ਵੈੱਲ ’ਚ ਡਿੱਗਣ ਕਾਰਨ 25 ਸਾਲਾ ਨੌਜਵਾਨ ਦੀ ਮੌਤ
Monday, Dec 15, 2025 - 12:49 PM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ-ਅੰਬਾਲਾ ਸੜਕ ’ਤੇ ਸਥਿਤ ਇਕ ਹੋਟਲ ’ਚ ਸਰਵਿਸ ਲਿਫਟ ਦੇ ਵੈੱਲ ’ਚ ਡਿੱਗਣ ਕਾਰਨ ਹੋਟਲ ’ਚ ਹੀ ਕੰਮ ਕਰਦੇ ਸਫ਼ਾਈ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਾ (25) ਵਾਸੀ ਪੰਚਕੂਲਾ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹੋਟਲ ’ਚ ਰਾਜਾ ਨਾਂ ਦਾ ਨੌਜਵਾਨ ਸਫ਼ਾਈ ਦਾ ਕੰਮ ਕਰਦਾ ਸੀ। ਸੰਚਾਲਕਾਂ ਅਨੁਸਾਰ ਐਤਵਾਰ ਸਵੇਰੇ ਸਾਢੇ 11 ਵਜੇ ਬਿਜਲੀ ਚਲੇ ਜਾਣ ਕਾਰਨ ਕੁੱਝ ਸਮੇਂ ਲਈ ਸਰਵਿਸ ਲਿਫਟ ਰੁਕ ਗਈ।
ਰਾਜਾ ਨਾਲ ਕੁੱਝ ਸਮੇਂ ਇਕ ਨੌਜਵਾਨ ਹੋਰ ਮੌਜੂਦ ਸੀ। ਪ੍ਰਬੰਧਕਾਂ ਅਨੁਸਾਰ ਰਾਜਾ ਨੇ ਦੁਬਾਰਾ ਲਿਫਟ ਚਾਲੂ ਹੋਣ ਦਾ ਇੰਤਜ਼ਾਰ ਕੀਤੇ ਬਿਨਾਂ ਲਿਫਟ ਤੋਂ ਬਾਹਰ ਨਿਕਲਣ ਦਾ ਯਤਨ ਕੀਤਾ ਤੇ ਇਸ ਦੌਰਾਨ ਉਸ ਦਾ ਪੈਰ ਸਲਿੱਪ ਹੋਣ ਕਾਰਨ ਉਹ ਲਿਫਟ ਦੇ ਵੈੱਲ ’ਚ ਡਿੱਗ ਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਮਿਹਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਮਲੇ ਦੇ ਜਾਂਚ ਅਧਿਕਾਰੀ ਜੀਵਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
