ਸ਼ੱਕੀ ਹਾਲਤ ’ਚ ਨੌਜਵਾਨ ਦੀ ਮੌਤ, ਪਿਤਾ ਨੇ ਲਾਇਆ ਪੁੱਤ ਦੇ ਦੋਸਤਾਂ ’ਤੇ ਕਤਲ ਦਾ ਦੋਸ਼

06/24/2024 2:07:12 PM

ਮੋਗਾ (ਆਜ਼ਾਦ) : ਮਹਿਣਾ ਪੁਲਸ ਵੱਲੋਂ ਪਿੰਡ ਬਹੋਨਾ ਨਿਵਾਸੀ ਵਰਿੰਦਰ ਸਿੰਘ ਉਰਫ ਗੋਲੂ (26-27) ਜੋ ਛਿਲਕਾ ਯੂਨੀਅਨ ਵਿਚ ਮਜ਼ਦੂਰੀ ਕਰਦਾ ਸੀ, ਦੀ ਸ਼ੱਕੀ ਹਾਲਤ ’ਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਉਸ ਦੇ ਦੋ ਦੋਸਤਾਂ ਵਰਿੰਦਰ ਸਿੰਘ ਉਰਫ਼ ਮੀਕਾ ਅਤੇ ਹੈਪੀ ਦੋਵੇਂ ਨਿਵਾਸੀ ਪਿੰਡ ਬਹੋਨਾ ਖਿਲਾਫ਼ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿਤਾ ਜੰਗ ਸਿੰਘ ਨੇ ਕਿਹਾ ਕਿ ਉਸਦਾ ਬੇਟਾ ਉਸ ਦੇ ਨਾਲ ਹੀ ਛਿਲਕਾ ਯੂਨੀਅਨ ਵਿਚ ਕੰਮ ਕਰਦਾ ਸੀ, ਜਿਸ ਦੀ ਕਥਿਤ ਦੋਸ਼ੀਆਂ ਵਰਿੰਦਰ ਸਿੰਘ ਉਰਫ ਮੀਕਾ ਅਤੇ ਹੈਪੀ ਨਿਵਾਸੀ ਪਿੰਡ ਬਹੋਨਾ ਨਾਲ ਦੋਸਤੀ ਸੀ, ਜੋ ਕਥਿਤ ਤੌਰ ’ਤੇ ਬੁਰੀ ਸੰਗਤ ਦਾ ਸ਼ਿਕਾਰ ਸਨ, ਉਹ ਮੇਰੇ ਬੇਟੇ ਵਰਿੰਦਰ ਸਿੰਘ ਉਰਫ਼ ਗੋਲੂ ਨੂੰ ਵੀ ਕਈ ਵਾਰ ਆਪਣੇ ਨਾਲ ਲੈ ਜਾਂਦੇ। ਮੈਂ ਉਨ੍ਹਾਂ ਨੂੰ ਕਈ ਵਾਰ ਰੋਕਿਆ ਵੀ ਮੇਰੇ ਬੇਟੇ ਦੀ ਜ਼ਿੰਦਗੀ ਖਰਾਬ ਨਾ ਕਰੋ, ਪਰ ਉਨ੍ਹਾਂ ਨੇ ਕੋਈ ਗੱਲ ਨਾ ਸੁਣੀ।

ਬੀਤੀ 22 ਜੂਨ ਨੂੰ ਬਾਅਦ ਦੁਪਹਿਰ ਜਦ ਮੈਂ ਛਿਲਕਾ ਤੂੜੀ ਯੂਨੀਅਨ ਤੋਂ ਮਜ਼ਦੂਰੀ ਕਰਨ ਤੋਂ ਬਾਅਦ ਘਰ ਆਇਆ ਤਾਂ ਮੈਂਨੂੰ ਜਾਣਕਾਰੀ ਮਿਲੀ ਕਿ ਮੇਰਾ ਬੇਟਾ ਕਥਿਤ ਦੋਸ਼ੀਆਂ ਨਾਲ ਮੋਟਰਸਾਈਕਲ ’ਤੇ ਵਰਿੰਦਰ ਸਿੰਘ ਮੀਕਾ ਦੀ ਮੋਟਰ ’ਤੇ ਗਏ ਹਨ। ਮੈਂਨੂੰ ਪਤਾ ਲੱਗਾ ਕਿ ਉਥੇ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ ਅਤੇ ਮੈਂ ਆਪਣੇ ਪਰਿਵਾਰ ਸਮੇਤ ਮੋਟਰ ’ਤੇ ਪਹੁੰਚਿਆ ਤਾਂ ਦੇਖਿਆ ਕਿ ਮੇਰੇ ਬੇਟੇ ਵਰਿੰਦਰ ਸਿੰਘ ਉਰਫ ਗੋਲੂ ਉਥੇ ਮ੍ਰਿਤਕ ਹਾਲਤ ਵਿਚ ਪਿਆ ਸੀ।

ਉਸ ਨੇ ਦੋਸ਼ ਲਾਇਆ ਕਿ ਮੇਰੇ ਬੇਟੇ ਨੂੰ ਦੋਵੇਂ ਕਥਿਤ ਮੁਲਜ਼ਮਾਂ ਨੇ ਮਿਲ ਕੇ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਜਾਂ ਪਿਲਾ ਦਿੱਤੀ ਹੈ, ਜਿਸ ਕਾਰਣ ਮੇਰੇ ਬੇਟੇ ਦੀ ਮੌਤ ਹੋ ਗਈ ਹੈ। ਉਸ ਨੇ ਕਥਿਤ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਹੋਇਆ ਉਨ੍ਹਾਂ ਨੂੰ ਕਾਬੂ ਕਰਨ ਲਈ ਜ਼ਿਲਾ ਪੁਲਸ ਮੁਖੀ ਮੋਗਾ ਦੇ ਕੋਲ ਗੁਹਾਰ ਲਾਈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪੀ ਗਈ।


Gurminder Singh

Content Editor

Related News