ਪਰਿਵਾਰ 'ਤੇ ਟੁੱਟਾ ਦੁੱਖ਼ਾਂ ਦਾ ਪਹਾੜ, ਨੌਸਰਬਾਜ਼ਾਂ ਵੱਲੋਂ ਸਰਬੀਆ ਭੇਜੇ ਦਸੂਹਾ ਦੇ ਨੌਜਵਾਨ ਦੀ ਮੌਤ
Sunday, Dec 11, 2022 - 06:50 PM (IST)
ਦਸੂਹਾ (ਝਾਵਰ)- ਨੌਸਰਬਾਜ਼ਾਂ ਦੇ ਜਾਲ 'ਚ ਫਸੇ ਦਸੂਹਾ ਦੇ ਨੌਜਵਾਨ ਦੀ ਸਰਬੀਆ 'ਚ ਮੌਤ ਹੋਣ ਦੀ ਦ਼ੁਖਭਰੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸਾਹਿਲ ਕੁਮਾਰ (21) ਪੁੱਤਰ ਪ੍ਰੇਮ ਵਾਸੀ ਕੋਟਲੀ ਖੁਰਦ ਵਜੋਂ ਹੋਈ ਹੈ। ਮੌਤ ਦੀ ਸੂਚਨਾ ਮਿਲਦੇ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਨੂੰ ਸਰਬੀਆ ਤੋਂ ਕਢਵਾ ਕੇ ਵਾਰਸਾਂ ਹਵਾਲੇ ਕੀਤਾ ਜਾਵੇ। ਸਾਹਿਲ ਦੇ ਪਿਤਾ ਨੇ ਦੱਸਿਆ ਕਿ ਦਸੂਹਾ ਦੇ ਰਹਿਣ ਵਾਲੇ ਦੋ ਅਤੇ ਪਟਿਆਲਾ ਦੇ ਨੌਸਰਬਾਜ਼ ਦੇ ਇਕ ਵਿਅਕਤੀ ਨੇ ਪੁੱਤਰ ਸਾਹਿਲ ਨੂੰ ਪੁਰਤਗਾਲ ਭੇਜਣ ਦੇ ਨਾਂ 'ਤੇ 12 ਲੱਖ ਰੁਪਏ ਦੀ ਰਕਮ ਤੈਅ ਕੀਤੀ ਸੀ। ਜਿਸ ਤੋਂ ਬਾਅਦ ਬੇਟੇ ਦੀ ਫਲਾਈਟ ਇਸ ਸਾਲ 4 ਜੂਨ ਨੂੰ ਹੋਈ ਸੀ। ਜਿੱਥੋਂ ਪਹਿਲਾਂ ਪੁੱਤਰ ਦੁਬਈ ਚਲਾ ਗਿਆ। ਇਸ ਤੋਂ ਬਾਅਦ ਉਸ ਨੂੰ ਸਰਬੀਆ ਭੇਜ ਦਿੱਤਾ ਗਿਆ। ਸਰਬੀਆ ਪਹੁੰਚਣ ਤੋਂ ਬਾਅਦ ਬੇਟੇ ਨੂੰ 4 ਮਹੀਨੇ ਤੱਕ ਉੱਥੇ ਇਕ ਕੈਂਪ ਵਿੱਚ ਰੱਖਿਆ ਗਿਆ। ਪੁਰਤਗਾਲ ਨੂੰ ਭੇਜਣ ਬਾਰੇ ਅਸੀਂ ਕਈ ਵਾਰ ਨੌਸਰਬਾਜ਼ਾਂ ਨਾਲ ਗੱਲ ਕੀਤੀ ਪਰ ਸਾਨੂੰ ਸਿਰਫ਼ ਭਰੋਸਾ ਹੀ ਦਿੱਤਾ ਗਿਆ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫੋਨ ਕਰਕੇ ਰਿਸ਼ਤੇਦਾਰ ਦੱਸ ਮਾਰੀ ਲੱਖਾਂ ਦੀ ਠੱਗੀ, ਜਦ ਵੈਸਟਰਨ ਯੂਨੀਅਨ ਜਾ ਕੇ ਵੇਖਿਆ ਤਾਂ ਉੱਡੇ ਹੋਸ਼
ਇਕ ਦਿਨ ਸਾਨੂੰ ਨੌਸਰਬਾਜ਼ ਦਾ ਫੋਨ ਆਇਆ ਕਿ ਤੁਹਾਡੇ ਪੁੱਤਰ ਨੂੰ ਅੱਗੇ ਭੇਜਣ ਲਈ ਹੋਰ ਪੈਸੇ ਦੀ ਲੋੜ ਪਵੇਗੀ। ਜਿਸ ਤੋਂ ਬਾਅਦ ਉਸ ਵੱਲੋਂ ਮੰਗੀ ਗਈ 7 ਲੱਖ ਦੀ ਰਕਮ ਉਸ ਨੂੰ ਹੋਰ ਦੇ ਦਿੱਤੀ ਗਈ। ਕੁਝ ਮਹੀਨਿਆਂ ਬਾਅਦ ਮੈਂ ਆਪਣੇ ਬੇਟੇ ਨਾਲ ਗੱਲ ਨਹੀਂ ਕਰ ਸਕੀ, ਉਸ ਦਾ ਫੋਨ ਵੀ ਬੰਦ ਆਉਣ ਲੱਗਾ ਸੀ। ਨੌਸਰਬਾਜ਼ ਨਾਲ ਗੱਲ ਕੀਤੀ ਗਈ ਪਰ ਉਹ ਵੀ ਸਾਨੂੰ ਧਮਕੀਆਂ ਦੇਣ ਲੱਗੇ, ਜਿਸ ਤੋਂ ਬਾਅਦ ਅਸੀਂ ਸਰਬੀਆ 'ਚ ਲਾਪਤਾ ਹੋਏ ਆਪਣੇ ਨੌਜਵਾਨ ਦੀ ਵੀਡੀਓ ਫੇਸਬੁੱਕ 'ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਰਬੀਆ ਤੋਂ ਸਾਨੂੰ ਫੋਨ ਆਇਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਤਿੰਨਾਂ ਨੌਸਰਬਾਜ਼ਾਂ ਖ਼ਿਲਾਫ਼ 6 ਦਸੰਬਰ ਨੂੰ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦੂਜੇ ਪਾਸੇ ਡੀ. ਐੱਸ. ਪੀ. ਦਸੂਹਾ ਬਲਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਫਗਵਾੜਾ ਨੈਸ਼ਨਲ ਹਾਈਵੇਅ 'ਤੇ ਜਾਣ ਵਾਲਿਆਂ ਲਈ ਅਹਿਮ ਖ਼ਬਰ, ਲੱਗਾ ਲੰਬਾ ਜਾਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ