ਦਾਜ ਦੀ ਬਲੀ ਚੜ੍ਹੀ 6 ਮਹੀਨੇ ਦੀ ਗਰਭਵਤੀ ਵਿਆਹੁਤਾ, ਪੀੜਤ ਪਰਿਵਾਰ ਵੱਲੋਂ ਪੁਲਸ ਖਿਲਾਫ ਨਾਅਰੇਬਾਜ਼ੀ
Wednesday, Feb 25, 2026 - 09:52 PM (IST)
ਬਠਿੰਡਾ (ਵਿਜੈ ਵਰਮਾ): ਜ਼ਿਲ੍ਹੇ ਦੇ ਪਿੰਡ ਰਾਇਕੇ ਕਲਾਂ ਵਿੱਚ ਦਾਜ ਦੇ ਲੋਭੀਆਂ ਵੱਲੋਂ ਇੱਕ ਗਰਭਵਤੀ ਵਿਆਹੁਤਾ ਨੂੰ ਕਥਿਤ ਮੌਤ ਦੇ ਘਾਟ ਉਤਾਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। 6 ਮਹੀਨੇ ਦੀ ਗਰਭਵਤੀ ਜਸ਼ਨਦੀਪ ਕੌਰ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਹੈ।
ਦਹੇਜ ਲਈ ਕੀਤਾ ਜਾਂਦਾ ਸੀ ਤੰਗ-ਪ੍ਰੇਸ਼ਾਨ
ਮ੍ਰਿਤਕਾ ਦੀ ਮਾਂ ਗੁਰਪ੍ਰੀਤ ਕੌਰ ਵਾਸੀ ਗੱਗੜ ਨੇ ਦੱਸਿਆ ਕਿ ਜਸ਼ਨਦੀਪ ਕੌਰ ਨੂੰ ਵਿਆਹ ਤੋਂ ਬਾਅਦ ਹੀ ਦਾਜ ਦੀ ਮੰਗ ਨੂੰ ਲੈ ਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕੀਤਾ ਜਾ ਰਿਹਾ ਸੀ। ਮੰਗ ਪੂਰੀ ਨਾ ਹੋਣ ’ਤੇ ਉਸ ਨਾਲ ਅਕਸਰ ਕੁੱਟਮਾਰ ਵੀ ਕੀਤੀ ਜਾਂਦੀ ਸੀ। ਸ਼ਨੀਵਾਰ ਨੂੰ ਸਹੁਰੇ ਪੱਖ ਨੇ ਉਸ ਦੀ ਤਬੀਅਤ ਖ਼ਰਾਬ ਹੋਣ ਦੀ ਸੂਚਨਾ ਦਿੱਤੀ, ਪਰ ਜਦੋਂ ਪੇਕੇ ਵਾਲੇ ਪਹੁੰਚੇ ਤਾਂ ਹਾਲਾਤ ਸ਼ੱਕੀ ਲੱਗੇ। ਉਸ ਨੂੰ ਲੰਬੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਵੱਲੋਂ ਮਾਮਲਾ ਦਰਜ
ਥਾਣਾ ਨੰਦਗੜ੍ਹ ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ’ਤੇ ਪਤੀ ਗੁਰਮਨਦੀਪ ਸਿੰਘ, ਤਾਈ ਸੱਸ, ਨਨਦ ਅਤੇ ਨਨਦੋਈਏ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੇਕੇ ਪੱਖ ਨੇ ਇਸ ਨੂੰ ਇਕ ਯੋਜਨਾਬੱਧ ਕਤਲ ਕਰਾਰ ਦਿੱਤਾ ਹੈ।
ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ
ਇਸ ਘਟਨਾ ਤੋਂ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਥਾਣਾ ਨੰਦਗੜ੍ਹ ਦਾ ਘੇਰਾਅ ਕੀਤਾ ਅਤੇ ਪੁਲਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਡੀਐੱਸਪੀ ਦੇਹਾਤੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
