ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਨਾਲ ਬੱਚੇ ਦੀ ਮੌਤ
Thursday, Mar 15, 2018 - 01:12 AM (IST)

ਦੀਨਾਨਗਰ, (ਕਪੂਰ)- ਨਜ਼ਦੀਕੀ ਪਿੰਡ ਅਵਾਂਖਾ ਵਿਖੇ ਸੜਕ ਦੇ ਕੰਢੇ ਪੈਦਲ ਜਾ ਰਹੇ ਬੱਚੇ ਦੀ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਅਵਾਂਖਾ ਨਿਵਾਸੀ ਸੁਨੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ 12 ਸਾਲਾ ਲੜਕਾ ਜਤਿਨ ਜੋ ਕਿ ਸ਼ਾਮੂ ਗੁੱਜਰ ਦੇ ਡੇਰੇ ਦੇ ਨੇੜਿਓਂ ਜਾ ਰਿਹਾ ਸੀ ਤਾਂ ਮੋੜ ਤੋਂ ਆਈ ਇਕ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਉਸ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਉਹ ਟਕਰਾਉਣ ਤੋਂ ਬਾਅਦ ਡਿੱਗ ਪਿਆ ਅਤੇ ਉਸ ਨੂੰ ਉਸੇ ਵੇਲੇ ਸੀ. ਐੱਚ. ਸੀ. ਸਿੰਘੋਵਾਲ ਲਿਜਾਇਆ ਗਿਆ ਪਰ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
ਏ. ਐੱਸ. ਆਈ. ਹੰਸਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਦੋਸ਼ੀ ਟਰੈਕਟਰ ਚਾਲਕ ਸੁਨੀਲ ਕੁਮਾਰ ਪੁੱਤਰ ਸੱਤਪਾਲ, ਨਿਵਾਸੀ ਦੀਨਾਨਗਰ ਖਿਲਾਫ ਮੁਕੱਦਮਾ ਦਰਜ ਕਰ ਕੇ ਵਾਹਨ ਵੀ ਕਬਜ਼ੇ ਵਿਚ ਲੈ ਲਿਆ ਹੈ ਜਦਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।