ਰੇਲ ਟ੍ਰੈਕ ’ਚ ਭਰਿਆ ਪਾਣੀ: ਕਰੰਟ ਲੱਗਣ ਨਾਲ ਸਿਗਨਲਮੈਨ ਦੀ ਮੌਤ, 20 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ

Monday, Sep 01, 2025 - 10:27 PM (IST)

ਰੇਲ ਟ੍ਰੈਕ ’ਚ ਭਰਿਆ ਪਾਣੀ: ਕਰੰਟ ਲੱਗਣ ਨਾਲ ਸਿਗਨਲਮੈਨ ਦੀ ਮੌਤ, 20 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ

ਜਲੰਧਰ (ਪੁਨੀਤ) – ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਦੇ ਟ੍ਰੈਕ ’ਤੇ ਪਾਣੀ ਭਰਨ ਨਾਲ ਟ੍ਰੇਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਉਥੇ ਹੀ ਸਵੇਰੇ ਤੜਕਸਾਰ ਸਿਗਨਲਮੈਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਦਕਿ ਇਕ ਹੋਰ ਕਰਮਚਾਰੀ ਨੂੰ ਵੀ ਕਰੰਟ ਲੱਗਾ ਹੈ, ਜੋ ਕਿ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਟ੍ਰੈਕ ਪ੍ਰਭਾਵਿਤ ਹੋਣ ਨਾਲ ਸ਼ਤਾਬਦੀ, ਸ਼ਾਨ-ਏ-ਪੰਜਾਬ ਸਮੇਤ 20 ਤੋਂ ਜ਼ਿਆਦਾ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਪੇਸ਼ ਆਈ।

ਸਿਗਨਲ ਵਿਭਾਗ ਵਿਚ ਤਾਇਨਾਤ ਮ੍ਰਿਤਕ ਕਰਮਚਾਰੀ ਦੀ ਪਛਾਣ ਸੰਤੋਖ ਕੁਮਾਰ (44) ਵਾਸੀ ਬਿਆਸ ਪਿੰਡ ਵਜੋਂ ਹੋਈ। ਉਥੇ ਹੀ ਕਰੰਟ ਦਾ ਸ਼ਿਕਾਰ ਦੂਜਾ ਕਰਮਚਾਰੀ ਜਗਦੇਵ ਸ਼ੰਟਿੰਗ ਵਿਭਾਗ ਵਿਚ ਕੰਮ ਕਰਦਾ ਹੈ। ਜ਼ਖ਼ਮੀ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜੋ ਕਿ ਖਤਰੇ ਤੋਂ ਬਾਹਰ ਹੈ।

ਕਰੰਟ ਲੱਗਣ ਦਾ ਇਹ ਹਾਦਸਾ ਸਵੇਰੇ 4 ਵਜੇ ਦੇ ਲੱਗਭਗ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਕਤ ਕਰਮਚਾਰੀ ਆਪਣੇ ਵਾਰਡ ਦੇ ਏਰੀਏ ਵਿਚ ਕੰਮ ਕਰ ਰਿਹਾ ਸੀ ਕਿ ਇਸ ਦੌਰਾਨ ਉਸ ਨੂੰ ਕਰੰਟ ਲੱਗਣ ਦੀ ਸੂਚਨਾ ਮਿਲੀ। ਓਵਰਹੈੱਡ ਲਾਈਨ (ਓ. ਐੱਚ. ਈ.) ਰਾਹੀਂ ਕਰੰਟ ਆਉਣ ਦੀ ਗੱਲ ਚਰਚਾ ਦਾ ਵਿਸ਼ਾ ਬਣੀ ਰਹੀ।

ੇਰੇਲਵੇ ਫਿਰੋਜ਼ਪੁਰ ਮੰਡਲ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਪੈਸ਼ਲ ਟੀਮਾਂ ਨੂੰ ਜਲੰਧਰ ਭੇਜਿਆ। ਗਠਿਤ ਕੀਤੀ ਗਈ ਜਾਂਚ ਕਮੇਟੀ ਨੇ ਆ ਕੇ ਮੌਕੇ ’ਤੇ ਰਾਹਤ ਕੰਮ ਅਤੇ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਰੰਟ ਲੱਗਣ ਨਾਲ ਮੌਤ ਦੀ ਘਟਨਾ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਰੰਟ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਚੱਲ ਸਕੇ।

ਇਸ ਕਾਰਨ 20 ਤੋਂ ਜ਼ਿਆਦਾ ਟ੍ਰੇਨਾਂ ਅੱਧੇ ਘੰਟੇ ਤੋਂ ਲੈ ਕੇ ਡੇਢ ਘੰਟੇ ਤਕ ਪ੍ਰਭਾਵਿਤ ਰਹੀਆਂ, ਜਿਸ ਵਿਚ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ, ਸ਼ਾਨ-ਏ-ਪੰਜਾਬ ਵਰਗੀਆਂ ਟ੍ਰੇਨਾਂ ਸ਼ਾਮਲ ਹਨ। ਉਥੇ ਹੀ ਅੰਮ੍ਰਿਤਸਰ ਆਉਣ ਵਾਲੀ ਵੰਦੇ ਭਾਰਤ ਨੂੰ ਵੀ ਪਲੇਟਫਾਰਮ ਨੰਬਰ 3 ’ਤੇ ਸ਼ਿਫਟ ਕੀਤਾ ਗਿਆ।

ਟ੍ਰੈਕ ’ਤੇ ਪਾਣੀ ਭਰਨ ਅਤੇ ਕਰੰਟ ਦੀ ਸੂਚਨਾ ਨੂੰ ਲੈ ਕੇ ਟ੍ਰੇਨਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ। ਇਨ੍ਹਾਂ ਵਿਚੋਂ ਕਈ ਟ੍ਰੇਨਾਂ ਨੂੰ ਚਹੇੜੂ ਕੋਲ ਰੋਕਿਆ ਗਿਆ, ਜਦਕਿ ਕਈ ਟ੍ਰੇਨਾਂ ਨੂੰ ਯਾਰਡ ਤੋਂ ਪਹਿਲਾਂ ਰੋਕਿਆ ਗਿਆ। ਰੇਲਵੇ ਦੇ ਗੈਸਟ ਹਾਊਸ ਸਮੇਤ ਵੱਖ-ਵੱਖ ਸਥਾਨਾਂ ’ਤੇ ਪਾਣੀ ਭਰਿਆ ਰਿਹਾ ਜੋ ਕਿ ਕਰਮਚਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ।

ਮੋਟਰ ਲਾ ਕੇ ਟ੍ਰੈਕ ’ਚੋਂ ਕੱਢਿਆ ਗਿਆ ਪਾਣੀ
ਦੱਸਿਆ ਜਾ ਰਿਹਾ ਹੈ ਕਿ ਟ੍ਰੈਕ ਵਿਚ ਪਾਣੀ ਭਰਨ ਕਾਰਨ ਸਿਗਨਲ ਕਲੀਅਰ ਨਹੀਂ ਹੁੰਦਾ, ਜਿਸ ਕਾਰਨ ਪਾਣੀ ਨੂੰ ਕੱਢਣਾ ਜ਼ਰੂਰੀ ਹੋ ਜਾਂਦਾ ਹੈ। ਇਸ ਦੇ ਮੱਦੇਨਜ਼ਰ ਮੋਟਰ ਅਤੇ ਪਾਈਪ ਆਦਿ ਲਗਾ ਕੇ ਪਾਣੀ ਨੂੰ ਕੱਢਿਆ ਗਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਟ੍ਰੈਕ ’ਤੇ ਪਾਣੀ ਭਰਦਾ ਰਿਹਾ ਹੈ ਪਰ ਜ਼ਰੂਰੀ ਕਦਮ ਨਹੀਂ ਚੁੱਕੇ ਗਏ, ਜਿਸ ਕਾਰਨ ਪ੍ਰੇਸ਼ਾਨੀ ਦਾ ਹੱਲ ਨਹੀਂ ਹੋ ਰਿਹਾ।

ਪਾਣੀ ਭਰਨ ਕਾਰਨ ਬੰਦ ਰਿਹਾ 2 ਨੰਬਰ ਪਲੇਟਫਾਰਮ
ਟ੍ਰੈਕ ਵਿਚੋਂ ਪਾਣੀ ਕੱਢਣਾ ਕਰਮਚਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਰਿਹਾ ਅਤੇ ਇਸ ਦੌਰਾਨ 2 ਨੰਬਰ ਪਲੇਟਫਾਰਮ ’ਤੇ ਆਉਣ ਵਾਲੀਆਂ ਕਈ ਟ੍ਰੇਨਾਂ ਨੂੰ ਸ਼ਿਫਟ ਕਰ ਕੇ 3 ਨੰਬਰ ਪਲੇਟਫਾਰਮ ਤੋਂ ਰਵਾਨਾ ਕੀਤਾ ਗਿਆ। ਇਸ ਦੌਰਾਨ ਲੰਮੇ ਸਮੇਂ ਤਕ 2 ਨੰਬਰ ਪਲੇਟਫਾਰਮ ਬੰਦ ਰੱਖਣਾ ਪਿਆ। ਘਟਨਾ ਤੋਂ ਬਾਅਦ ਸੀਨੀਅਰ ਅਧਿਕਾਰੀ, ਕਰਮਚਾਰੀ ਯੂਨੀਅਨਾਂ ਮੌਕੇ ’ਤੇ ਪਹੁੰਚ ਗਈਆਂ। ਯੂਨੀਅਨਾਂ ਨੇ ਇਕ ਮਤ ਹੋ ਕੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਭਾਗ ਅਤੇ ਸਬੰਧਤ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
 


author

Inder Prajapati

Content Editor

Related News