ਥਾਰ ਦੀ ਲਪੇਟ ’ਚ ਆਉਣ ਕਾਰਨ ਪੈਦਲ ਜਾ ਰਹੀ ਔਰਤ ਦੀ ਮੌਤ
Tuesday, Sep 09, 2025 - 12:19 PM (IST)

ਮੋਹਾਲੀ (ਜੱਸੀ) : ਥਾਣਾ ਸੋਹਾਣਾ ਅਧੀਨ ਪੈਂਦੇ ਲਾਂਡਰਾਂ ਚੌਂਕ ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਲਵੰਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਲਾਂਡਰਾਂ ਵਿਖੇ ਦੁਕਾਨ ਹੈ ਅਤੇ ਉਹ ਆਪਣੀ ਦੁਕਾਨ ’ਚ ਸੀ। ਇਸ ਦੌਰਾਨ ਮਨਦੀਪ ਕੌਰ ਨਾਂ ਦੀ ਔਰਤ ਆਪਣੇ ਕੁੱਤੇ ਨੂੰ ਘੁੰਮਾਉਣ ਲਈ ਜਾ ਰਹੀ ਸੀ। ਇਸ ਦੌਰਾਨ ਇਕ ਬਰੀਜਾ ਕਾਰ ਸੜਕ ਦੇ ਕਿਨਾਰੇ ’ਤੇ ਖੜ੍ਹੀ ਸੀ।
ਬਨੂੜ ਵਾਲੇ ਪਾਸੇ ਤੋਂ ਇਕ ਥਾਰ ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਸੜਕ ਕਿਨਾਰੇ ਖੜ੍ਹੀ ਬਰੀਜਾ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਮਨਦੀਪ ਕੌਰ ਦੋਵਾਂ ਗੱਡੀਆਂ ਵਿਚਕਾਰ ਆ ਗਈ, ਜਿਸ ਨੂੰ ਰਾਹਗਿਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਨਦੀਪ ਕੌਰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਇਸ ਮਾਮਲੇ ’ਚ ਗੱਡੀ ਚਾਲਕ ਸੁਖਵਿੰਦਰ ਸਿੰਘ ਵਾਸੀ ਪਿੰਡ ਸਿਦਾਸ ਬੱਸੀ ਪਠਾਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕਾ ਦਾ ਪਤੀ ਡਾ. ਜਗਦੀਸ਼ ਲਾਲ ਹੈ ਅਤੇ ਉਹ ਆਪਣੇ ਪਿੱਛੇ ਦੋ ਬੱਚੇ ਲੜਕਾ ਅਤੇ ਇਕ ਲੜਕੀ ਛੱਡ ਗਈ ਹੈ।