ਪੰਜਾਬ 'ਚ ਅਧਿਆਪਕਾਂ ਲਈ ਜਾਰੀ ਹੋ ਗਏ ਨਵੇਂ ਹੁਕਮ, ਇਕ ਪੱਤਰ ਨੇ ਮਚਾਈ ਹਲਚਲ

Tuesday, Nov 18, 2025 - 11:33 AM (IST)

ਪੰਜਾਬ 'ਚ ਅਧਿਆਪਕਾਂ ਲਈ ਜਾਰੀ ਹੋ ਗਏ ਨਵੇਂ ਹੁਕਮ, ਇਕ ਪੱਤਰ ਨੇ ਮਚਾਈ ਹਲਚਲ

ਲੁਧਿਆਣਾ (ਵਿੱਕੀ) : ਬੇਸ਼ੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁੱਖ ਸਕੱਤਰ ਨੂੰ ਇਕ ਪੱਤਰ ਜਾਰੀ ਕਰਕੇ ਅਧਿਆਪਕਾਂ ਨੂੰ ਗੈਰ-ਅਕਾਦਮਿਕ ਡਿਊਟੀਆਂ ਤੋਂ ਛੋਟ ਦਿੱਤੀ ਸੀ, ਉਥੇ ਹੀ ਨਗਰ ਨਿਗਮ ਵਲੋਂ ਜਾਰੀ ਕੀਤੇ ਗਏ ਇਕ ਤਾਜ਼ਾ ਹੁਕਮ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੋਵਾਂ ’ਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਨਿਗਮ ਨੇ ਹੁਣ ਨਿੱਜੀ ਸਕੂਲਾਂ ਨੂੰ ਬਾਏ ਨੇਮ ਪੱਤਰ ਜਾਰੀ ਕਰ ਕੇ ਉਨ੍ਹਾਂ ਅਧਿਆਪਕਾਂ ਦੇ ਨਾਂ ਜਮ੍ਹਾ ਕਰਾਉਣ ਲਈ ਕਿਹਾ ਹੈ, ਜੋ ਆਉਣ ਵਾਲੀ ਜਨਗਣਨਾ ਲਈ ਡਿਊਟੀ ’ਤੇ ਹੋਣਗੇ। ਜਦੋਂ ਨਿਗਮ ਦਾ ਇਹ ਪੱਤਰ ਸਰਕਾਰੀ ਅਤੇ ਨਿੱਜੀ ਦੋਵਾਂ ਸਕੂਲਾਂ ਤੱਕ ਪਹੁੰਚਿਆ ਤਾਂ ਸਿੱਖਿਆ ਮੰਤਰੀ ਬੈਂਸ ਵਲੋਂ ਸ਼ੁਰੂ ਕੀਤੀ ਗਈ ਪਹਿਲ ’ਤੇ ਹੀ ਸਵਾਲ ਉਠਾਏ ਗਏ। ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੇ ਸਵਾਲ ਕੀਤਾ ਕਿ ਕੀ ਨਗਰ ਨਿਗਮ ਸਿੱਖਿਆ ਮੰਤਰੀ ਦੀ ਮੁਹਿੰਮ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਿੰਡਾਂ ਲਈ 332 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕੀਤੀ

ਰਿਪੋਰਟਾਂ ਅਨੁਸਾਰ ਹੁਣ ਤੱਕ ਸਰਕਾਰੀ ਵਿਭਾਗ ਦੇ ਮੁਲਾਜ਼ਮ ਅਤੇ ਸਰਕਾਰੀ ਸਕੂਲ ਅਧਿਆਪਕ ਜਨਗਣਨਾ ਦੇ ਕੰਮ ’ਚ ਸ਼ਾਮਲ ਰਹੇ ਹਨ ਪਰ ਇਸ ਵਾਰ ਤਿਆਰੀਆਂ ਕੁਝ ਵੱਖਰੀਆਂ ਜਾਪਦੀਆਂ ਹਨ। ਨਵੀਆਂ ਅਧਿਕਾਰਤ ਹਦਾਇਤਾਂ ਅਨੁਸਾਰ ਹੁਣ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਡਿਊਟੀ ਲਈ ਸ਼ਾਮਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧ ’ਚ ਨਿਗਮ ਵਲੋਂ ਇਕ ਰਸਮੀ ਪੱਤਰ ਅਤੇ ਵਿਸਤ੍ਰਿਤ ਪ੍ਰੋਫਾਰਮਾ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਦੇ ਪੂਰੇ ਵੇਰਵੇ ਮੰਗੇ ਗਏ ਹਨ। ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਸਹਾਇਕ ਜਨਗਣਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜੋ ਆਪਣੇ-ਆਪਣੇ ਜ਼ੋਨਾਂ ’ਚ ਅਧਿਆਪਕਾਂ ਦੀ ਸੂਚੀ ਤਿਆਰ ਕਰਨਗੇ ਅਤੇ ਰਿਪੋਰਟ ਪੇਸ਼ ਕਰਨਗੇ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਵਿਦੇਸ਼ੀ ਦੌਰੇ ਦੌਰਾਨ ਕਿਉਂ ਯਾਦ ਨਹੀਂ ਰੱਖਿਆ ਗਿਆ ਪ੍ਰਾਈਵੇਟ ਸਕੂਲ ਦੇ ਅਧਿਆਪਕਾਂ ਨੂੰ?

ਹਾਲਾਂਕਿ, ਜ਼ਿਆਦਾਤਰ ਪ੍ਰਾਈਵੇਟ ਸਕੂਲ ਨਾ ਤਾਂ ਇਸ ਕੰਮ ਲਈ ਆਪਣੇ ਅਧਿਆਪਕਾਂ ਨੂੰ ਭੇਜਣ ਲਈ ਤਿਆਰ ਹਨ ਅਤੇ ਨਾ ਹੀ ਉਨ੍ਹਾਂ ਦੇ ਅਧਿਆਪਕ ਹਿੱਸਾ ਲੈਣ ਲਈ ਤਿਆਰ ਹਨ। ਉਨ੍ਹਾਂ ਦਾ ਤਰਕ ਹੈ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਸਰਕਾਰ ਇਸ ਨੂੰ ਨਿੱਜੀ ਸਕੂਲਾਂ ’ਤੇ ਕਿਵੇਂ ਥੋਪ ਸਕਦੀ ਹੈ? ਬਹੁਤ ਸਾਰੇ ਸਕੂਲ ਪ੍ਰਿੰਸੀਪਲਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਜਦੋਂ ਉਨ੍ਹਾਂ ਨੇ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਵਿਦੇਸ਼ੀ ਦੌਰਿਆਂ ’ਤੇ ਭੇਜਿਆ ਤਾਂ ਸਰਕਾਰ ਨੇ ਪ੍ਰਾਈਵੇਟ ਸਕੂਲ ਦੇ ਅਧਿਆਪਕਾਂ ਨੂੰ ਕਿਉਂ ਯਾਦ ਨਹੀਂ ਰੱਖਿਆ।

ਇਹ ਵੀ ਪੜ੍ਹੋ : ਮਾਣ ਭੱਤਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਹੁਣ ਬੱਚਿਆਂ ਨੂੰ ਪੜ੍ਹਾਈਏ ਜਾਂ ਘਰ-ਘਰ ਜਾ ਕੇ ਗਿਣਤੀ ਸ਼ੁਰੂ ਕਰੀਏ?

ਪ੍ਰਾਈਵੇਟ ਸਕੂਲ ਦੇ ਅਧਿਆਪਕ ਅਤੇ ਪ੍ਰਬੰਧਨ ਗੰਭੀਰਤਾ ਨਾਲ ਇਤਰਾਜ਼ ਕਰ ਰਹੇ ਹਨ, ਇਹ ਦਲੀਲ ਦੇ ਰਹੇ ਹਨ ਕਿ ਅਧਿਆਪਕ ਅਕਾਦਮਿਕ ਕੰਮ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਗੈਰ-ਅਕਾਦਮਿਕ ਕੰਮ ਵਿਚ ਤਾਇਨਾਤ ਕਰਨ ਨਾਲ ਸਿੱਖਿਆ ਦੀ ਗੁਣਵੱਤਾ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਸਿੱਧਾ ਸਮਝੌਤਾ ਹੁੰਦਾ ਹੈ। ਇਸ ਮੁੱਦੇ ’ਤੇ ਹੁਣ ਵਿਵਾਦ ਅਤੇ ਅਸੰਤੁਸ਼ਟੀ ਉਭਰ ਕੇ ਸਾਹਮਣੇ ਆਈ ਹੈ, ਖਾਸ ਕਰ ਕੇ ਬੋਰਡ ਪ੍ਰੀਖਿਆਵਾਂ ਨੇੜੇ ਆ ਰਹੀਆਂ ਹਨ ਅਤੇ ਜ਼ਿਆਦਾਤਰ ਕਲਾਸਾਂ ਵਿਚ ਪ੍ਰੀ-ਬੋਰਡ ਪ੍ਰੀਖਿਆਵਾਂ, ਮਾਡਲ ਟੈਸਟ ਅਤੇ ਸੋਧ ਪ੍ਰੋਗਰਾਮ ਚੱਲ ਰਹੇ ਹਨ। ਅਧਿਆਪਕ ਇਹ ਤਰਕ ਦੇ ਰਹੇ ਹਨ ਕਿ ਕਲਾਸਰੂਮ ਵਿਚ ਪੜ੍ਹਾਉਣਾ, ਮੁਲਾਂਕਣ, ਅਸਾਈਨਮੈਂਟ, ਨਤੀਜਾ ਤਿਆਰ ਕਰਨਾ, ਨਿੱਜੀ ਸੁਧਾਰ ਸੈਸ਼ਨ ਅਤੇ ਪ੍ਰੀਖਿਆ ਦੀ ਤਿਆਰੀ ਉਨ੍ਹਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਹਨ। ਇਸ ਲਈ ਉਨ੍ਹਾਂ ਨੂੰ ਫੀਲਡ ਸਰਵੇਖਣਾਂ ’ਤੇ ਭੇਜਣਾ ਮਾਨਸਿਕ ਤਣਾਅ, ਸਮੇਂ ਦੀ ਕਮੀ ਪੈਦਾ ਕਰਦਾ ਹੈ ਅਤੇ ਵਿਦਿਆਰਥੀਆਂ ਲਈ ਬੇਇਨਸਾਫ਼ੀ ਹੈ।

ਇਹ ਵੀ ਪੜ੍ਹੋ : ਅਸ਼ੀਰਵਾਦ ਸਕੀਮ ਨੂੰ ਲੈ ਕੇ ਮਾਨ ਸਰਕਾਰ ਦਾ ਨਵਾਂ ਫ਼ੈਸਲਾ

ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਅਸੀਂ ਅਧਿਆਪਕ ਹਾਂ, ਪ੍ਰਸ਼ਾਸਕੀ ਸਟਾਫ ਨਹੀਂ। ਬੋਰਡ ਪ੍ਰੀਖਿਆਵਾਂ ਤੋਂ ਡੇਢ ਜਾਂ ਦੋ ਮਹੀਨੇ ਪਹਿਲਾਂ ਸਾਨੂੰ ਪੜ੍ਹਾਈ ਤੋਂ ਦੂਰ ਕਰਨਾ ਅਤੇ ਜਨਗਣਨਾ ਦੇ ਕੰਮ ’ਚ ਸ਼ਾਮਲ ਕਰਨਾ ਬੱਚਿਆਂ ਦੇ ਹਿੱਤ ਵਿਚ ਨਹੀਂ ਹੈ। ਜਨਗਣਨਾ ਦਾ ਕੰਮ ਸਿਰਫ਼ ਸਰਕਾਰੀ ਮੁਲਾਜ਼ਮਾਂ ਰਾਹੀਂ ਹੀ ਸੰਭਾਲਿਆ ਜਾਣਾ ਚਾਹੀਦਾ ਹੈ ਜਾਂ ਸਰਕਾਰ ਨੂੰ ਇਸ ਲਈ ਇਕ ਵੱਖਰਾ ਵਿਭਾਗ ਬਣਾਉਣਾ ਚਾਹੀਦਾ ਹੈ। ਪੜ੍ਹੇ-ਲਿਖੇ ਨੌਜਵਾਨ ਬੇਰੋਜ਼ਗਾਰ ਹਨ, ਇਸ ਲਈ ਸਰਕਾਰ ਉਨ੍ਹਾਂ ਲਈ ਇਹ ਸਾਰਾ ਕੰਮ ਕਰਨ ਲਈ ਚੋਣ ਅਤੇ ਜਨਗਣਨਾ ਵਿਭਾਗ ਵਰਗੇ ਵਿਭਾਗ ਬਣਾ ਸਕਦੀ ਹੈ। ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਅਧਿਆਪਕਾਂ ਨੂੰ ਗੈਰ-ਅਕਾਦਮਿਕ ਡਿਊਟੀਆਂ ਤੋਂ ਮੁਕਤੀ।
ਇਕ ਪ੍ਰਿੰਸੀਪਲ ਨੇ ਕਿਹਾ ਕਿ ਸਾਡਾ ਉਦੇਸ਼ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਹੈ। ਅਜਿਹੇ ਸਮੇਂ ਜਦੋਂ ਪੂਰਾ ਸਮੈਸਟਰ ਆਪਣੇ ਆਖਰੀ ਪੜਾਵਾਂ ਵਿਚ ਹੈ, ਅਧਿਆਪਕਾਂ ਦੀ ਗੈਰ-ਹਾਜ਼ਰੀ ਬੱਚਿਆਂ ਦੀ ਸਿੱਖਿਆ ਨੂੰ ਨੁਕਸਾਨ ਪਹੁੰਚਾਏਗੀ। ਇਕ ਹੋਰ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਨ ਸਟਾਫ਼ ਵਾਧੂ ਜਾਂ ਰਿਜ਼ਰਵ ਯੂਨਿਟ ਨਹੀਂ ਹਨ। ਜੇਕਰ ਉਨ੍ਹਾਂ ਨੂੰ ਬਾਹਰ ਭੇਜਿਆ ਜਾਂਦਾ ਹੈ ਤਾਂ ਸਾਡਾ ਅਕਾਦਮਿਕ ਕੈਲੰਡਰ ਅਤੇ ਬੋਰਡ ਤਿਆਰੀ ਸ਼ਡਿਊਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News