ਅਧਿਆਪਕਾਂ ਨੇ GT ਰੋਡ ਜਾਮ ਕਰ ਪ੍ਰਗਟਾਇਆ ਰੋਸ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Tuesday, Mar 03, 2026 - 05:59 PM (IST)

ਅਧਿਆਪਕਾਂ ਨੇ GT ਰੋਡ ਜਾਮ ਕਰ ਪ੍ਰਗਟਾਇਆ ਰੋਸ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਖੰਨਾ (ਵਿਪਨ): ਖੰਨਾ ਵਿਚ ਟੈਟ ਵਿਵਾਦ ਨੂੰ ਲੈ ਕੇ ਅਧਿਆਪਕਾਂ ਦਾ ਗੁੱਸਾ ਖੁੱਲ੍ਹ ਕੇ ਸੜਕਾਂ ‘ਤੇ ਨਜ਼ਰ ਆਇਆ। ਵੱਖ-ਵੱਖ ਅਧਿਆਪਕ ਯੂਨੀਅਨਾਂ ਵੱਲੋਂ ਰੋਸ ਮਾਰਚ ਕੱਢ ਕੇ ਜੀਟੀ ਰੋਡ ‘ਤੇ ਸੰਕੇਤਕ ਜਾਮ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਦਾਣਾ ਮੰਡੀ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਕੈਬਿਨੇਟ ਮੰਤਰੀ ਤਰੁਣਦੀਪ ਸਿੰਘ ਸੌਂਧ ਦੇ ਘਰ ਵੱਲ ਵਧਿਆ। ਵੱਡੀ ਗਿਣਤੀ ਵਿਚ ਪਹੁੰਚੇ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵਾਰ-ਵਾਰ ਭਰਤੀ ਅਤੇ ਪ੍ਰਮੋਸ਼ਨ ਦੇ ਨਿਯਮ ਬਦਲ ਕੇ ਅਧਿਆਪਕਾਂ ਨੂੰ ਮਾਨਸਿਕ ਦਬਾਅ ਹੇਠ ਰੱਖ ਰਹੀ ਹੈ।

ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ 2011 ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ‘ਤੇ ਵੀ ਟੈਟ ਲਾਗੂ ਕੀਤਾ ਜਾ ਰਿਹਾ ਹੈ। 2017 ਵਿਚ ਦਿੱਤੀ ਗਈ ਛੂਟ ਨੂੰ ਰੱਦ ਕਰਕੇ 7 ਫ਼ਰਵਰੀ 2026 ਦੇ ਹੁਕਮ ਰਾਹੀਂ ਮਾਸਟਰ ਕੈਡਰ ਪ੍ਰਮੋਸ਼ਨ ਲਈ ਟੈਟ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਨਾਲ ਹਜ਼ਾਰਾਂ ਅਧਿਆਪਕ ਪ੍ਰਭਾਵਿਤ ਹੋ ਰਹੇ ਹਨ। ਡੈਮੋਕ੍ਰੇਟਿਕ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ 25-30 ਸਾਲਾਂ ਤੋਂ ਸੇਵਾ ਨਿਭਾਅ ਰਹੇ ਅਧਿਆਪਕਾਂ ‘ਤੇ ਮੁੜ ਟੈਸਟ ਲਾਗੂ ਕਰਨਾ ਨਾਇਨਸਾਫ਼ੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਅਧਿਆਪਕਾਂ ਨੂੰ ਡਾਊਨਸਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕਰਮਜੀਤ ਸਿੰਘ ਕੱਦੋਂ ਨੇ ਕਿਹਾ ਕਿ ਜੇ 6 ਤਾਰੀਖ਼ ਤੱਕ ਸਰਕਾਰ ਵੱਲੋਂ ਕੋਈ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ 2027 ਵਿਚ ਸਰਕਾਰ ਦਾ ਵੀ ਟੈਸਟ” ਲਿਆ ਜਾਵੇਗਾ। ਮਹਿਲਾ ਅਧਿਆਪਿਕਾ ਕੋਮਲ ਸ਼ਰਮਾ ਨੇ ਕਿਹਾ ਕਿ ਉਹ ਸਾਰੇ ਯੋਗਤਾ ਮਾਪਦੰਡ ਪੂਰੇ ਕਰਕੇ ਅਤੇ ਮੇਰਿਟ ਦੇ ਆਧਾਰ ‘ਤੇ ਨਿਯੁਕਤ ਹੋਈ ਸੀ। ਹੁਣ ਸਾਲਾਂ ਬਾਅਦ ਮੁੜ ਟੈਟ ਲਾਜ਼ਮੀ ਕਰਨਾ ਨਾ ਸਿਰਫ਼ ਬੇਇਨਸਾਫ਼ੀ ਹੈ, ਬਲਕਿ ਅਧਿਆਪਕਾਂ ਦੀ ਇਜ਼ਜ਼ਤ ਅਤੇ ਹੱਕਾਂ ‘ਤੇ ਸਿੱਧਾ ਪ੍ਰਹਾਰ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਫ਼ੈਸਲੇ ‘ਤੇ ਤੁਰੰਤ ਮੁੜ ਵਿਚਾਰ ਕੀਤਾ ਜਾਵੇ।


author

Anmol Tagra

Content Editor

Related News