ਪੰਜਾਬ ਪੁਲਸ ਦੇ 13 ਅਫ਼ਸਰਾਂ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

Wednesday, Feb 25, 2026 - 10:30 AM (IST)

ਪੰਜਾਬ ਪੁਲਸ ਦੇ 13 ਅਫ਼ਸਰਾਂ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ (ਰਾਜ): ਮਹਾਨਗਰ ਵਿਚ ਕਾਨੂੰਨ ਦੇ ਰਾਖਿਆਂ ਦੀ ਲਾਪਰਵਾਹੀ ਹੁਣ ਉਨ੍ਹਾਂ 'ਤੇ ਹੀ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਇਕ 82 ਸਾਲਾ ਬਜ਼ੁਰਗ ਨਾਲ ਹੋਈ 15 ਲੱਖ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਕਾਰਵਾਈ ਨਾ ਕਰਨਾ 13 ਪੁਲਸ ਮੁਲਾਜ਼ਮਾਂ ਨੂੰ ਭਾਰੀ ਪੈ ਗਿਆ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਮੁਲਜ਼ਮ ਦੇ ਫੜੇ ਜਾਣ ਦੇ ਬਾਵਜੂਦ ਉਸ ਨੂੰ ਭੱਜਣ ਦਾ ਮੌਕਾ ਦਿੱਤਾ ਅਤੇ ਜਾਂਚ ਵਿਚ ਲਾਪਰਵਾਹੀ ਵਰਤੀ।

ਇਹ ਮਾਮਲਾ 2021 ਦਾ ਹੈ, ਜਦੋਂ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਵਰਿੰਦਰ ਸੂਦ ਦੇ ਬੈਂਕ ਖਾਤੇ ਵਿਚੋਂ ਬਿਨਾਂ ਓ.ਟੀ.ਪੀ. ਦੇ 15 ਲੱਖ ਰੁਪਏ ਉਡਾ ਲਏ ਗਏ ਸਨ। ਬਜ਼ੁਰਗ ਇਨਸਾਫ਼ ਲਈ 5 ਸਾਲ ਤੱਕ ਦਰ-ਦਰ ਭਟਕਦਾ ਰਿਹਾ ਅਤੇ ਅੰਤ ਵਿਚ ਉਸ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤ ਦੇ ਬੇਟੇ ਰਿਸ਼ੀ ਸੂਦ ਨੇ ਖੁਦ ਇਕ ਮੁਲਜ਼ਮ ਨੀਲ ਕਮਲ ਨੂੰ ਟ੍ਰੇਸ ਕਰਕੇ ਪੁਲਸ ਨੂੰ ਸੂਚਨਾ ਦਿੱਤੀ ਸੀ। ਹਿਮਾਚਲ ਪ੍ਰਦੇਸ਼ ਵਿਚ ਛਾਪੇਮਾਰੀ ਦੌਰਾਨ ਮੁਲਜ਼ਮ ਫੜਿਆ ਵੀ ਗਿਆ, ਪਰ ਦੋਸ਼ ਹੈ ਕਿ ਪੁਲਿਸ ਨੇ ਉਸ ਨੂੰ ਹਿਰਾਸਤ ਵਿਚੋਂ ਭੱਜਣ ਦਿੱਤਾ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਇਸ ਮਾਮਲੇ ਦੀ ਜਾਂਚ ਕਰਨ ਵਾਲੇ 3 ਏ.ਸੀ.ਪੀ. ਰੈਂਕ ਦੇ ਅਧਿਕਾਰੀਆਂ ਅਤੇ 10 ਇੰਸਪੈਕਟਰਾਂ ਨੂੰ ਹੁਣ ਸੱਤ ਦਿਨਾਂ ਦੇ ਅੰਦਰ ਆਪਣੀ ਸਫਾਈ ਦੇਣੀ ਹੋਵੇਗੀ। ਪੁਲਸ ਕਮਿਸ਼ਨਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਤਸੱਲੀਬਖਸ਼ ਜਵਾਬ ਨਹੀਂ ਮਿਲਿਆ, ਤਾਂ ਇਨ੍ਹਾਂ ਸਾਰਿਆਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੀੜਤ ਨੇ ਹੁਣ ਬੈਂਕ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਦੀ ਮੰਗ ਕੀਤੀ ਹੈ।

ਨੋਟਿਸ ਦੇ ਘੇਰੇ ਵਿਚ ਆਏ ACP ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀ:

ਏ.ਸੀ.ਪੀ. ਸੁਮਿਤ ਸੂਦ: ਵਰਤਮਾਨ ਵਿੱਚ ਏ.ਸੀ.ਪੀ. ਈਸਟ, ਲੁਧਿਆਣਾ ਦੇ ਅਹੁਦੇ 'ਤੇ ਤਾਇਨਾਤ ਹਨ।
ਡੀ.ਐੱਸ.ਪੀ. ਮਨਿੰਦਰ ਬੇਦੀ: ਘਟਨਾ ਦੇ ਸਮੇਂ ਏ.ਸੀ.ਪੀ. ਨਾਰਥ ਦੇ ਅਹੁਦੇ 'ਤੇ ਤਾਇਨਾਤ ਸਨ। ਹੁਣ SP ਰਿਟਾਇਰਡ।
ਡੀ.ਐੱਸ.ਪੀ. ਬਿੱਟਨ ਕੁਮਾਰ: ਉਹ ਵੀ ਇਸ ਮਾਮਲੇ ਦੀ ਜਾਂਚ ਪ੍ਰਕਿਰਿਆ ਨਾਲ ਜੁੜੇ ਰਹੇ ਹਨ। ਘਟਨਾ ਦੇ ਸਮੇਂ ਇੰਸਪੈਕਟਰ ਰੈਂਕ 'ਤੇ ਸਨ।
ਇੰਸਪੈਕਟਰ ਪਰਮਦੀਪ ਸਿੰਘ: ਹੈਬੋਵਾਲ ਦੇ ਐੱਸ.ਐੱਚ.ਓ. ਵਜੋਂ ਕੰਮ ਕਰਦੇ ਰਹੇ। ਹੁਣ ਥਾਣਾ ਕੂਮਕਲਾਂ ਤਾਇਨਾਤ।
ਇੰਸਪੈਕਟਰ ਸਤਪਾਲ: ਇਸ ਮਾਮਲੇ ਦੀ ਸਮੇਂ-ਸਮੇਂ 'ਤੇ ਜਾਂਚ ਕਰਨ ਵਾਲਿਆਂ ਵਿੱਚ ਸ਼ਾਮਲ। ਹੁਣ ਰਿਟਾਇਰਡ।
ਇੰਸਪੈਕਟਰ ਆਕਾਸ਼ ਦੱਤ: ਜਾਂਚ ਪ੍ਰਕਿਰਿਆ ਵਿਚ ਲਾਪਰਵਾਹੀ ਦੇ ਮੁਲਜ਼ਮ।
ਇੰਸਪੈਕਟਰ ਗਗਨਪ੍ਰੀਤ ਸਿੰਘ: ਉਨ੍ਹਾਂ ਅਧਿਕਾਰੀਆਂ ਵਿਚ ਸ਼ਾਮਲ ਜਿਨ੍ਹਾਂ ਨੇ ਮੁਲਜ਼ਮ ਨੂੰ ਫੜਨ ਵਿਚ ਸੁਸਤੀ ਦਿਖਾਈ।
ਇੰਸਪੈਕਟਰ ਹਰਜੀਤ ਸਿੰਘ: ਘਟਨਾ ਦੇ ਸਮੇਂ ਸਬ-ਇੰਸਪੈਕਟਰ (SI) ਦੇ ਅਹੁਦੇ 'ਤੇ ਤਾਇਨਾਤ ਸਨ। ਹੁਣ ਰਿਟਾਇਰਡ।
ਇੰਸਪੈਕਟਰ ਪਰਮਵੀਰ ਸਿੰਘ: ਵਰਤਮਾਨ ਵਿਚ ਕਮਿਸ਼ਨਰੇਟ ਦੇ ਵੱਖ-ਵੱਖ ਥਾਣਿਆਂ ਵਿੱਚ ਐਸਐਚਓ ਵਜੋਂ ਤਾਇਨਾਤ ਅਧਿਕਾਰੀਆਂ ਵਿੱਚੋਂ ਇੱਕ।
ਇੰਸਪੈਕਟਰ ਅੰਮ੍ਰਿਤਪਾਲ ਸਿੰਘ: ਜਾਂਚ ਨੂੰ ਸਮੇਂ ਸਿਰ ਪੂਰਾ ਨਾ ਕਰਨ ਦਾ ਆਰੋਪ।
ਇੰਸਪੈਕਟਰ ਮਧੂ ਬਾਲਾ: ਉਨ੍ਹਾਂ 13 ਅਧਿਕਾਰੀਆਂ ਦੀ ਸੂਚੀ ਵਿਚ ਸ਼ਾਮਲ ਜਿਨ੍ਹਾਂ ਨੂੰ 'ਕਾਰਨ ਦੱਸੋ' ਨੋਟਿਸ ਦਿੱਤਾ ਗਿਆ ਹੈ।
ਇੰਸਪੈਕਟਰ ਗੁਰਮੁਖ ਸਿੰਘ: ਜਾਂਚ ਦੌਰਾਨ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਚ ਨਾਮਜ਼ਦ।
ਇੰਸਪੈਕਟਰ ਸਤਵੀਰ ਸਿੰਘ: ਵਰਤਮਾਨ ਵਿਚ ਐੱਸ.ਐੱਚ.ਓ. ਵਜੋਂ ਕਾਰਜਸ਼ੀਲ ਅਤੇ ਨੋਟਿਸ ਦੇ ਘੇਰੇ ਵਿਚ।
 


author

Anmol Tagra

Content Editor

Related News