ਬਿਜਲੀ ਚੋਰੀ ਫੜਨ ਗਈ ਪਾਵਰਕਾਮ ਟੀਮ ਨੂੰ ਘੇਰਿਆ

Sunday, Dec 31, 2017 - 09:35 AM (IST)


ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਪਾਵਰਕਾਮ ਦੀ ਬਿਜਲੀ ਚੋਰੀ ਫੜਨ ਗਈ ਟੀਮ ਦੇ ਅਧਿਕਾਰੀਆਂ ਨੂੰ ਪਿੰਡ ਖਾਈ ਵਿਖੇ ਘੇਰ ਕੇ ਕੁੱਟਮਾਰ ਕਰਨ ਅਤੇ ਲਾਈਨਮੈਨ ਦੀ ਪੱਗ ਲਾਹੁਣ ਦਾ ਸਮਾਚਾਰ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਪਾਵਰਕਾਮ ਦੇ ਅਧਿਕਾਰੀਆਂ ਬਿੰਦਰ ਸਿੰਘ ਐੱਸ. ਡੀ. ਓ. ਪੱਤੋ ਹੀਰਾ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਪ ਮੁੱਖ ਇੰਜੀਨੀਅਰ ਹਲਕਾ ਫਰੀਦਕੋਟ ਦੇ ਐੱਸ. ਸੀ. ਬਲਬੀਰ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਘਰਾਂ 'ਚ ਬਿਜਲੀ ਚੋਰੀ ਬੰਦ ਕਰਵਾਉਣ ਲਈ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਦੀਨਾ ਸਾਹਿਬ, ਬੁਰਜ ਹਮੀਰਾ, ਖਾਈ, ਮਧੇ, ਗਾਜੀਆਣਾ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਸੀ। ਫਰੀਦਕੋਟ, ਸਮਾਲਸਰ, ਬਾਘਾਪੁਰਾਣਾ, ਪੱਤੋ ਹੀਰਾ ਸਿੰਘ, ਜੈਤੋ, ਸਮਾਧ ਭਾਈ ਆਦਿ ਉਪ ਮੰਡਲ ਦੇ ਐੱਸ. ਡੀ. ਓਜ਼, ਜੇ. ਈਜ਼, ਲਾਈਨ ਮੈਨ ਆਦਿ ਮੁਲਾਜ਼ਮਾਂ 'ਤੇ ਆਧਾਰਤ ਵੱਖ-ਵੱਖ ਟੀਮਾਂ ਰਾਹੀਂ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਨ੍ਹਾਂ 'ਚੋਂ ਇਕ ਟੀਮ ਜਦੋਂ ਪਿੰਡ ਖਾਈ ਵਿਖੇ ਬਿਜਲੀ ਚੋਰੀ ਫੜਨ ਲਈ ਗਈ ਤਾਂ ਸੁਖਦੇਵ ਸਿੰਘ ਪੁੱਤਰ ਪੋਹਲਾ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਕਾਹਨ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਛਾਪਾ ਮਾਰੂ ਟੀਮ ਨੂੰ ਘੇਰ ਲਿਆ ਤੇ ਲਾਈਨ ਮੈਨ ਬੂਟਾ ਸਿੰਘ ਦੀ ਕੁੱਟਮਾਰ ਕੀਤੀ ਅਤੇ ਪੱਗ ਲਾਹ ਦਿੱਤੀ, ਜਿਸ ਦੌਰਾਨ ਟੀਮ ਵੱਲੋਂ ਉੱਚ ਅਧਿਕਾਰੀਆਂ ਤੇ ਪੁਲਸ ਨੂੰ ਸੂਚਨਾ ਦੇਣ 'ਤੇ ਐੱਸ. ਡੀ. ਓ. ਪੱਤੋ ਹੀਰਾ ਸਿੰਘ ਬਿੰਦਰ ਸਿੰਘ ਨੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਬੂਟਾ ਸਿੰਘ ਨੂੰ ਛੁਡਾਇਆ। 
ਕੇਸ ਦੀ ਜਾਂਚ ਕਰ ਰਹੇ ਚੌਕੀ ਦੀਨਾ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਥਾਣਾ ਮੁਖੀ ਰਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਕਾਨੂੰਨ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ। ਦੋਸ਼ੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ।


Related News