ਹਲਕੀ ਬਰਸਾਤ ਤੋਂ ਬਾਅਦ ਮੌਸਮ ''ਚ ਹੋਇਆ ਸੁਹਾਵਣਾ, ਪਾਵਰਕਾਮ ਅਧਿਕਾਰੀਆਂ ਨੇ ਲਿਆ ਸੁੱਖ ਦਾ ਸਾਹ
Monday, Sep 30, 2024 - 04:08 AM (IST)

ਜਲੰਧਰ (ਪੁਨੀਤ)- ਬੀਤੇ ਦਿਨੀਂ ਪਏ ਮੀਂਹ ਕਾਰਨ ਮੌਸਮ ਵਿਚ ਬਦਲਾਅ ਹੋਣਾ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ‘ਰਾਹਤ’ ਮਿਲੀ ਹੈ। ਮਹਾਨਗਰ ਜਲੰਧਰ ਦਾ ਘੱਟੋ-ਘੱਟ ਤਾਪਮਾਨ 23 ਡਿਗਰੀ ਤਕ ਰਿਕਾਰਡ ਹੋਇਆ ਹੈ, ਜੋ ਕਿ ਠੰਡ ਦੀ ਦਸਤਕ ਹੈ। ਇਸ ਕਾਰਨ ਦਿਨ ਅਤੇ ਰਾਤ ਦੇ ਮੌਸਮ ਵਿਚ ਬਦਲਾਅ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ।
ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 36, ਜਦੋਂ ਕਿ ਘੱਟੋ-ਘੱਟ ਤਾਪਮਾਨ 20.8 ਡਿਗਰੀ ਰਿਕਾਰਡ ਹੋਇਆ ਹੈ। ਸੂਬੇ ਦਾ ਸਭ ਤੋਂ ਗਰਮ ਸ਼ਹਿਰ ਫਰੀਦਕੋਟ, ਜਦਕਿ ਪਠਾਨਕੋਟ ਡੈਮ ਦਾ ਇਲਾਕਾ ਸਭ ਤੋਂ ਠੰਡਾ ਰਿਹਾ। ਜਲੰਧਰ ’ਚ ਘੱਟੋ-ਘੱਟ ਤਾਪਮਾਨ 23 ਡਿਗਰੀ ਦੇ ਲੱਗਭਗ ਰਿਕਾਰਡ ਹੋਇਆ ਹੈ, ਜੋ ਕਿ ਆਮ ਨਾਲੋਂ 3 ਡਿਗਰੀ ਘੱਟ ਹੈ। ਇਸ ਕਾਰਨ ਅਜਿਹਾ ਮੌਸਮ ਬਣ ਰਿਹਾ ਹੈ, ਜਿਸ ਨਾਲ ਠੰਡ ਜਲਦ ਦਸਤਕ ਦੇ ਸਕਦੀ ਹੈ।
ਪਿਛਲੇ ਦਿਨੀਂ ਗਰਮੀ ਨੇ ਜ਼ਬਰਦਸਤ ਵਾਪਸੀ ਕੀਤੀ ਸੀ ਅਤੇ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਸੀ। ਸੋਢਲ ਮੇਲੇ ਤੋਂ ਬਾਅਦ 3-4 ਦਿਨ ਗਰਮੀ ਦਾ ਕਹਿਰ ਦੇਖਣ ਨੂੰ ਮਿਲਿਆ ਅਤੇ ਜਨਤਾ ਹਾਲੋ-ਬੇਹਾਲ ਹੁੰਦੀ ਦੇਖਣ ਨੂੰ ਮਿਲੀ। ਹੁਣ ਪਹਾੜਾਂ ਵਿਚ ਬਰਫਬਾਰੀ ਕਾਰਨ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਕਾਰਨ ਗਰਮੀ ਛੂ-ਮੰਤਰ ਹੁੰਦੀ ਜਾ ਰਹੀ ਹੈ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮਹਾਨਗਰ ਜਲੰਧਰ ਸਮੇਤ ਪੰਜਾਬ ਦੇ ਵਧੇਰੇ ਇਲਾਕੇ ਸਾਧਾਰਨ ਕੰਡੀਸ਼ਨ ਵਿਚ ਚੱਲ ਰਹੇ ਹਨ। ਗ੍ਰੀਨ ਜ਼ੋਨ ਵਿਚ ਹੋਣ ਕਾਰਨ ਮੌਸਮ ਆਮ ਵਾਂਗ ਰਹੇਗਾ। ਪਹਾੜਾਂ ’ਤੇ 1-2 ਵਾਰ ਬਰਫਬਾਰੀ ਹੋਣ ਦੇ ਨਾਲ ਹੀ ਮੌਸਮ ’ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ, ਜਿਸ ਨਾਲ ਦੁਪਹਿਰ ਅਤੇ ਰਾਤ ਦੇ ਤਾਪਮਾਨ ਵਿਚ 5-6 ਡਿਗਰੀ ਦਾ ਅੰਤਰ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- DSP ਦੇ ਘਰੋਂ ਲੱਖਾਂ ਦੇ ਗਹਿਣੇ ਉਡਾਉਣ ਵਾਲੀਆਂ 'ਚੋਰਨੀਆਂ' ਆ ਗਈਆਂ ਅੜਿੱਕੇ, ਦੇਖੋ ਕਿੱਥੋਂ ਫੜ ਲਿਆਈ ਪੁਲਸ
ਪਾਵਰਕਾਮ ਨੇ ਸ਼ੁਰੂ ਕਰਵਾਈ ਰਿਪੇਅਰ
ਉਥੇ ਹੀ, ਪਾਵਰਕਾਮ ਵੱਲੋਂ ਪੈਂਡਿੰਗ ਰਿਪੇਅਰ ਦੇ ਕੰਮ ਵੀ ਸ਼ੁਰੂ ਕਰਵਾ ਦਿੱਤੇ ਗਏ ਹਨ। ਰੁਟੀਨ ਦੇ ਮੁਕਾਬਲੇ ਹੁਣ ਸ਼ਿਕਾਇਤਾਂ ’ਚ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਵਿਭਾਗ ਆਪਣੇ ਸਿਸਟਮ ਨੂੰ ਅਪਡੇਟ ਕਰਨ ਵੱਲ ਧਿਆਨ ਦੇ ਰਿਹਾ ਹੈ। ਮੁੱਖ ਤੌਰ ’ਤੇ ਲਾਈਨਾਂ ਦੀ ਅਪਡੇਸ਼ਨ ਸ਼ੁਰੂ ਹੋਈ ਹੈ, ਜਿਸ ਕਾਰਨ ਜਨਤਾ ਨੂੰ ਆਉਣ ਵਾਲੇ ਸਮੇਂ ਵਿਚ ਫਾਲਟ ਪੈਣ ਦੇ ਸਿਲਸਿਲੇ ਵਿਚ ਕਾਫੀ ਰਾਹਤ ਮਿਲੇਗੀ।
ਬਿਜਲੀ ਦੀ ਖਪਤ ’ਚ ਵੀ ਆਈ ਭਾਰੀ ਗਿਰਾਵਟ
ਇਸ ਬਦਲਾਅ ਕਾਰਨ ਬਿਜਲੀ ਦੀ ਖਪਤ ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਪਾਵਰਕਾਮ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਕੁਝ ਦਿਨ ਪਹਿਲਾਂ ਬਿਜਲੀ ਦੀ ਖਪਤ ਵਿਚ 3-4 ਫੀਸਦੀ ਦਾ ਭਾਰੀ ਵਾਧਾ ਦੇਖਣ ਨੂੰ ਮਿਲਿਆ ਸੀ ਪਰ ਹੁਣ ਹਾਲਾਤ ਆਮ ਵਾਂਗ ਹੋ ਗਏ ਹਨ।
ਇਹ ਵੀ ਪੜ੍ਹੋ- Elante Mall 'ਚ ਵਾਪਰਿਆ ਵੱਡਾ ਹਾਦਸਾ ; B'Day ਮਨਾਉਣ ਆਈ ਮਸ਼ਹੂਰ ਅਦਾਕਾਰਾ ਹੋ ਗਈ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e