ਲੁਧਿਆਣਾ ਦੇ ਦਰਜਨਾਂ ਇਲਾਕਿਆਂ ''ਚ Black Out! ਲੋਕਾਂ ਨੇ ਪਾਵਰਕਾਮ ਖ਼ਿਲਾਫ਼ ਕੱਢੀ ਭੜਾਸ
Saturday, Sep 28, 2024 - 03:20 PM (IST)
ਲੁਧਿਆਣਾ (ਖੁਰਾਣਾ)- ਮਹਾਨਗਰ ਦੇ ਸਨਅਤੀ ਖੇਤਰ ਫੋਕਲ ਪੁਆਇੰਟ ’ਚ ਕਈ ਘੰਟੇ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਦਰਜਨਾਂ ਇਲਾਕੇ ਹਨੇਰੇ ’ਚ ਡੁੱਬੇ ਰਹੇ। ਭਿਆਨਕ ਗਰਮੀ ਦੌਰਾਨ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਕਾਰਨ ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਹੈ ਕਿ ਲੋਕਾਂ ਦੀ ਇਸ ਪ੍ਰੇਸ਼ਾਨੀ ਦਾ ਪਾਵਰਕਾਮ ਵਿਭਾਗ ਦੀ ਸਿਹਤ ’ਤੇ ਕੋਈ ਅਸਰ ਨਹੀਂ ਪਿਆ। ਇਲਾਕੇ ਦੇ ਲੋਕਾਂ ਨੇ ਪਾਵਰਕਾਮ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਸੰਤੋਸ਼ ਭੋਲੀ, ਬਾਲਕ ਰਾਮ, ਅਸ਼ਵਨੀ ਕੁਮਾਰ, ਅਮਰਜੀਤ ਸਿੰਘ, ਮਾਂਝੇ ਚੌਧਰੀ, ਅਨਿਲ ਵਰਮਾ, ਮਨਪ੍ਰੀਤ ਸਿੰਘ ਖਾਲਸਾ, ਪਿੰਕਾ ਕੁਮਾਰ ਆਦਿ ਨੇ ਦੋਸ਼ ਲਾਇਆ ਹੈ ਕਿ ਦੁਪਹਿਰ 2 ਵਜੇ ਤੋਂ ਬੰਦ ਕੀਤੀ ਗਈ ਬਿਜਲੀ ਸਪਲਾਈ ਦੇਰ ਰਾਤ ਤੱਕ ਬਹਾਲ ਨਹੀਂ ਹੋ ਸਕੀ। ਭਾਵੇਂ ਇਸ ਮਸਲੇ ਸਬੰਧੀ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਫੋਨ ਕੀਤੇ ਗਏ ਸਨ, ਜਿਸ ਤੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਾੜੀ ਕਾਰਜਸ਼ੈਲੀ ਦਾ ਪਤਾ ਲੱਗਦਾ ਹੈ।
ਇਹ ਖ਼ਬਰ ਵੀ ਪੜ੍ਹੋ - MP ਗੁਰਮੀਤ ਸਿੰਘ ਮੀਤ ਹੇਅਰ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ
ਇਲਾਕਾ ਨਿਵਾਸੀਆਂ ਨੇ ਪਾਵਰਕਾਮ ਵਿਭਾਗ ਦੇ ਐੱਸ. ਡੀ. ਓ. ਨੂੰ ਬੇਨਤੀ ਕੀਤੀ ਕਿ ਜਲਦੀ ਬਿਜਲੀ ਸਪਲਾਈ ਚਾਲੂ ਕਰਵਾਈ ਜਾਵੇ , ਤਾਂ ਕਿ ਮਰੀਜ਼ਾਂ ਨੂੰ ਰਾਹਤ ਦਿੱਤੀ ਜਾ ਸਕੇ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਗੰਭੀਰ ਮਾਮਲੇ ’ਚ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਇਲਾਕਾ ਨਿਵਾਸੀਆਂ ਨੂੰ ਬਿਜਲੀ ਸਪਲਾਈ ਦੇਣ ਦੀ ਬਜਾਏ ਸਿਰਫ ਝੂਠੇ ਭਰੋਸਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਪੱਲਾ ਝਾੜ ਲਿਆ। ਪ੍ਰਦਰਸ਼ਨਕਾਰੀਆਂ ਨੇ ਪਾਵਰਕਾਮ ਦਫਤਰ ਦਾ ਘਿਰਾਓ ਕਰ ਕੇ ਇਸ ਦੌਰਾਨ ਵਿਭਾਗੀ ਮੁਲਾਜ਼ਮਾਂ ’ਤੇ ਕਈ ਗੰਭੀਰ ਦੋਸ਼ ਲਗਾਏ।
ਇਲਾਕੇ ’ਚ ਦਹਿਸ਼ਤ ਦਾ ਮਾਹੌਲ
ਮਾਮਲਾ ਗੰਭੀਰ ਹੋਣ ਤੋਂ ਬਾਅਦ ਜਦੋਂ ਬਿਜਲੀ ਵਿਭਾਗ ਦੇ ਲਾਈਨਮੈਨਾਂ ਵੱਲੋਂ ਬਿਜਲੀ ਸਪਲਾਈ ਬਹਾਲ ਕੀਤੀ ਜਾ ਰਹੀ ਸੀ ਤਾਂ ਬਿਜਲੀ ਦੀਆਂ ਤਾਰਾਂ ’ਚੋਂ ਅੱਗ ਦੀਆਂ ਲਪਟਾਂ ਉੱਠਣ ਦੇ ਨਾਲ-ਨਾਲ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੇ ਵਿਰੋਧ ’ਚ ਇਲਾਕਾ ਨਿਵਾਸੀਆਂ ਅਤੇ ਔਰਤਾਂ ਨੇ ਸੜਕਾਂ ’ਤੇ ਆ ਕੇ ਪਾਵਰਕਾਮ ਵਿਭਾਗ ਦੇ ਐੱਸ. ਡੀ. ਓ. ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਐੱਸ. ਡੀ. ਓ. ਖਿਲਾਫ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨੇ ਨਾਲ ਜੁੜੀ ਵੱਡੀ ਅਪਡੇਟ
ਕੀ ਕਹਿੰਦੇ ਹਨ ਡਿਪਟੀ ਚੀਫ਼ ਇੰਜੀਨੀਅਰ?
ਮਾਮਲੇ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਪੂਰਬੀ ਸਰਕਲ ਦੇ ਉਪ ਮੁੱਖ ਇੰਜੀਨੀਅਰ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਤੁਰੰਤ ਐਕਸੀਅਨ ਅਮਰਿੰਦਰ ਸਿੰਘ ਸੰਧੂ ਅਤੇ ਵਿਭਾਗੀ ਮੁਲਾਜ਼ਮਾਂ ਦੀ ਟੀਮ ਨੂੰ ਮੌਕੇ ’ਤੇ ਭੇਜ ਕੇ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣਾ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8