ਬਾਦਲਾਂ ਨੇ ਪੰਜਾਬ ਨੂੰ 10 ਸਾਲ ਬੁਰੀ ਤਰ੍ਹਾਂ ਲੁੱਟਿਆ : ਜਾਖੜ

02/25/2018 7:18:21 AM

ਚੰਡੀਗੜ੍ਹ(ਭੁੱਲਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸੁਖਬੀਰ ਬਾਦਲ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤਿੱਖੇ ਹਮਲੇ ਕੀਤੇ ਹਨ। ਦੋਵਾਂ ਨੇਤਾਵਾਂ ਨੇ ਅੱਜ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੇ ਕੰਟਰੋਲ ਹੇਠ ਦੇਸ਼ ਦੀ ਸਭ ਤੋਂ ਵੱਧ ਭ੍ਰਿਸ਼ਟ ਪਾਰਟੀ ਬਣ ਗਈ ਹੈ ਅਤੇ ਇਸ ਨੂੰ ਸਿਰਫ਼ ਆਪਣੀਆਂ ਜੇਬਾਂ ਭਰਨ ਵਿਚ ਹੀ ਦਿਲਚਸਪੀ ਹੈ, ਜਦਕਿ ਇਸ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਵੀ ਚਿੰਤਾ ਨਹੀਂ ਹੈ। ਜਾਖੜ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਸੂਬੇ ਦੀ ਸੱਤਾ 'ਤੇ ਸਵਾਰ ਹੁੰਦੇ ਸਾਰ ਹੀ ਸੂਬੇ ਦੇ ਸਾਰੇ ਪ੍ਰਮੁੱਖ ਕਾਰੋਬਾਰਾਂ 'ਤੇ ਕੰਟਰੋਲ ਕਰ ਲਿਆ ਅਤੇ ਬਾਦਲਾਂ ਦੀ ਅਗਵਾਈ ਵਿਚ 10 ਸਾਲ ਇਸ ਨੇ ਸੂਬੇ ਨੂੰ ਬੁਰੀ ਤਰ੍ਹਾਂ ਲੁੱਟਿਆ। ਇਸੇ ਕਰ ਕੇ ਹੀ ਅਕਾਲੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ  ਹਾਰਨ ਤੋਂ ਬਾਅਦ ਅਜੇ ਵੀ ਭਾਰੀ ਸਦਮੇ ਵਿਚੋਂ ਗੁਜ਼ਰ ਰਹੀ ਹੈ ਅਤੇ ਉਨ੍ਹਾਂ ਚੋਣਾਂ ਤੋਂ ਬਾਅਦ ਗੁਰਦਾਸਪੁਰ ਉਪ ਚੋਣ ਅਤੇ ਨਗਰ ਨਿਗਮ ਚੋਣਾਂ ਸਣੇ ਵੱਖ-ਵੱਖ ਚੋਣਾਂ ਹਾਰਨ ਤੋਂ ਬਾਅਦ ਇਨ੍ਹਾਂ ਦਾ ਇਹ ਸਦਮਾ ਲਗਾਤਾਰ ਵਧਦਾ ਗਿਆ। ਇਸੇ ਦੌਰਾਨ ਸਿੱਧੂ ਨੇ ਸੁਖਬੀਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਬਾਦਲ ਪਰਿਵਾਰ ਦੇਸ਼ ਦਾ ਸਭ ਤੋਂ ਵੱਧ ਭ੍ਰਿਸ਼ਟ ਪਰਿਵਾਰ ਹੈ ਅਤੇ ਇਸ ਨੇ ਆਪਣੀਆਂ ਮਾਰੂ ਨੀਤੀਆਂ ਨਾਲ ਪੰਜਾਬ ਦੇ ਲੋਕਾਂ ਦੇ ਸ਼ਾਨਦਾਰ ਢੰਗ ਨਾਲ ਜੀਵਨ ਜਿਊਣ ਦੇ ਅਧਿਕਾਰ ਨੂੰ ਠੱਗ ਕੇ ਉਨ੍ਹਾਂ ਨੂੰ ਅੰਨ੍ਹੇ ਖੂਹ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਆਪਣੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਘੁਣ ਵਾਂਗ ਸੂਬੇ ਦੇ ਸਭ ਤੋਂ ਕੀਮਤੀ ਸਰੋਤ ਖਾ ਲਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਵੀ ਭ੍ਰਿਸ਼ਟ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੀ ਝੋਲੀ ਵਿਚ 25 ਮੰਤਰਾਲੇ ਰੱਖ ਕੇ ਸਰਕਾਰ ਨੂੰ ਆਪਣੇ ਨਿੱਜੀ ਲਾਭ ਵਿਚ ਬਦਲ ਦਿੱਤਾ ਸੀ। ਰੇਤ ਦੀਆਂ ਖੱਡਾਂ, ਟਰਾਂਸਪੋਰਟ ਅਤੇ ਕੇਬਲ ਤੱਕ ਸੂਬੇ ਦਾ ਸਾਰਾ ਕਾਰੋਬਾਰ ਬਾਦਲਾਂ ਦੀ ਖੁਦਗਰਜ਼ੀ ਅਤੇ ਲੋਭ ਦੇ ਢਾਹੇ ਚੜ੍ਹ ਗਿਆ ਸੀ। ਦੋਵਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀਆਂ ਅਤੇ ਭਾਜਪਾ ਤੋਂ ਵਿਰਾਸਤ ਵਿਚ ਮਿਲੇ ਵਿੱਤੀ ਸੰਕਟਾਂ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਆਪਣੇ ਵਾਅਦਿਆਂ ਨੂੰ ਸਫਲਤਾ ਪੂਰਨ ਲਾਗੂ ਕਰਨ ਕਰ ਕੇ ਅਕਾਲੀ ਪਹਿਲਾਂ ਨਾਲੋਂ ਵੀ ਵੱਧ ਹਿੱਲ ਗਏ ਹਨ।


Related News