ਬਰਨਾਲਾ ਦੇ ਪਿੰਡਾਂ 'ਚ ਮਚੀ ਹਾਹਾਕਾਰ, ਬੁਰੀ ਤਰ੍ਹਾਂ ਡਰੇ ਪਸ਼ੂ ਪਾਲਕ, ਪੜ੍ਹੋ ਕੀ ਹੈ ਪੂਰਾ ਮਾਮਲਾ

Thursday, Apr 04, 2024 - 11:19 AM (IST)

ਬਰਨਾਲਾ ਦੇ ਪਿੰਡਾਂ 'ਚ ਮਚੀ ਹਾਹਾਕਾਰ, ਬੁਰੀ ਤਰ੍ਹਾਂ ਡਰੇ ਪਸ਼ੂ ਪਾਲਕ, ਪੜ੍ਹੋ ਕੀ ਹੈ ਪੂਰਾ ਮਾਮਲਾ

ਤਪਾ ਮੰਡੀ/ਧਨੌਲਾ (ਸ਼ਾਮ, ਗਰਗ, ਰਾਈਆਂ) : ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਖੇਤਰਾਂ ’ਚ ਮੂੰਹ-ਖੋਰ ਜਾਂ ਗਲ ਘੋਟੂ ਦੀ ਬੀਮਾਰੀ ਕਾਰਨ ਦੁਧਾਰੂ ਪਸ਼ੂਆਂ ਦੀ ਹੋ ਰਹੀ ਮੌਤ ਕਾਰਨ ਪਸ਼ੂ ਪਾਲਕਾਂ ’ਚ ਹਾਹਾਕਾਰ ਮਚੀ ਹੋਈ ਹੈ। ਪਿੰਡ ਮਹਿਤਾ ਵਿਖੇ ਪਿਛਲੇ ਕਈ ਦਿਨਾਂ ਤੋਂ ਮੂੰਹ ਖੋਰ ਜਾਂ ਗਲ ਘੋਟੂ ਦੀ ਬੀਮਾਰੀ ਕਾਰਨ ਦਰਜਨ ਦੇ ਕਰੀਬ ਦੁਧਾਰੂ ਪਸ਼ੂਆਂ ਦੀ ਮੌਤ ਹੋਣ ਕਾਰਨ ਪਸ਼ੂ ਪਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ Main ਹਾਈਵੇਅ 'ਤੇ ਲੱਗਾ ਪੱਕਾ ਧਰਨਾ, ਇੱਧਰ ਆਉਣ ਵਾਲੇ ਦੇਣ ਧਿਆਨ, ਜਾਮ 'ਚ ਨਾ ਫਸ ਜਾਇਓ (ਤਸਵੀਰਾਂ)

ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਅਤੇ ਪਸ਼ੂ ਪਾਲਕਾਂ ਮੈਂਬਰ ਜਸਪਾਲ ਸਿੰਘ, ਮੈਂਬਰ ਜਗਦੇਵ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ, ਮੈਂਬਰ ਕੌਰਾ ਸਿੰਘ, ਸੁਖਚੈਨ ਸਿੰਘ, ਲਛਮਣ ਸਿੰਘ ਆਦਿ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ’ਚ ਰੋਜ਼ਾਨਾ ਦੀ ਤਰ੍ਹਾਂ ਹੀ ਪਸ਼ੂਆਂ ਦੀ ਮੌਤ ਹੋ ਰਹੀ ਹੈ, ਜਿਸ ਸਬੰਧੀ ਸਰਕਾਰ ਅਤੇ ਸਬੰਧਿਤ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਇਨ੍ਹਾਂ ਪਸ਼ੂਆਂ ਦੀ ਮੌਤ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦਾ Main ਨੈਸ਼ਨਲ ਹਾਈਵੇਅ ਹੋ ਗਿਆ ਬੰਦ, ਇੱਧਰ ਜਾ ਰਹੇ ਹੋ ਤਾਂ ਜ਼ਰਾ ਧਿਆਨ ਨਾਲ (ਤਸਵੀਰਾਂ)

ਉਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਤੋਂ ਇਨ੍ਹਾਂ ਪਸ਼ੂਆਂ ਦਾ ਹਰ ਸੰਭਵ ਇਲਾਜ ਕਰਵਾਇਆ ਪਰ ਉਹ ਵੀ ਟੀਕੇ ਲਾ ਕੇ ਚਲੇ ਜਾਂਦੇ ਹਨ, ਫਿਰ ਵੀ ਪਸ਼ੂ ਧੜਾਧੜ ਮਰ ਰਹੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਇਕ ਦਿਨ ਪਿੰਡ ’ਚੋਂ ਦੁਧਾਰੂ ਪਸ਼ੂਆਂ ਦਾ ਖ਼ਾਤਮਾ ਹੀ ਹੋ ਜਾਵੇਗਾ ਅਤੇ ਲੋਕ ਦੁੱਧ ਨੂੰ ਤਰਸਣਗੇ। ਉਨ੍ਹਾਂ ਦੱਸਿਆ ਕਿ ਲਛਮਣ ਸਿੰਘ ਦੀਆਂ 4 ਮੱਝਾਂ ਤੇ ਇਕ ਗਾਂ, ਗੁਰਲਾਲ ਸਿੰਘ ਦੀ 1 ਮੱਝ, ਲਛਮਣ ਸਿੰਘ ਦੀ 1 ਮੱਝ , ਕੇਵਲ ਸਿੰਘ ਦੀ 1 ਮੱਝ ਤੇ 1 ਝੋਟੀ, ਮੈਂਬਰ ਜਗਦੇਵ ਸਿੰਘ ਦੀ 1 ਮੱਝ, ਕੁਲਵਿੰਦਰ ਸਿੰਘ ਦੀ 1 ਮੱਝ, ਮਲਕੀਤ ਸਿੰਘ ਦੀ 1 ਮੱਝ, ਗੁਰਦੀਪ ਸਿੰਘ ਦੀ 1 ਮੱਝ, ਸਰਬਜੀਤ ਸਿੰਘ ਦੀ 1 ਮੱਝ ਅਤੇ 1 ਗਾਂ, ਸੋਮਨਾਥ ਸ਼ਰਮਾ ਦੀ 1 ਮੱਝ, ਗੁਰਦੀਪ ਸਿੰਘ ਦੀ 1 ਗਾਂ, ਸੁਖਦੀਪ ਸਿੰਘ ਦੀਆਂ 2 ਗਾਵਾਂ ਅਤੇ ਸਤਪਾਲ ਸਿੰਘ ਦੀ 1 ਮੱਝ ਆਦਿ ਤੋਂ ਇਲਾਵਾ ਹੋਰਨਾਂ ਪਰਿਵਾਰਾਂ ਦੇ ਪਸ਼ੂ ਵੀ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ, ਜਿਸ ਕਰ ਕੇ ਪਸ਼ੂ ਪਾਲਕਾਂ ’ਚ ਸਹਿਮ ਦਾ ਮਾਹੌਲ ਹੈ।

ਇਸ ਮੌਕੇ ਇਕੱਠੇ ਹੋਏ ਪਰਿਵਾਰਾਂ ਨੇ ਸੂਬਾ ਸਰਕਾਰ ਦੀ ਨਾਲਾਇਕੀ ਵਿਰੁੱਧ ਆਪਣਾ ਰੋਸ ਵੀ ਜ਼ਾਹਿਰ ਕੀਤਾ। ਇਸ ਸਬੰਧੀ ਵੈਟਰਨਰੀ ਡਾਕਟਰ ਅਵੀਨੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਰੇ ਪਸ਼ੂਆਂ ਦੇ ਸੈਂਪਲ ਆਰ. ਡੀ. ਡੀ. ਐੱਲ. ਜਲੰਧਰ ਜਾਂਚ ਲਈ ਭੇਜੇ ਹੋਏ ਹਨ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਸਕਦੇ ਹਾਂ। ਉਨ੍ਹਾਂ ਪਸ਼ੂ ਪਾਲਕਾਂ ਨੂੰ ਬੇਨਤੀ ਕੀਤੀ ਹੈ ਕਿ ਕੋਈ ਵੀ ਨਵਾਂ ਪਸ਼ੂ ਖਰੀਦਣ ਦੀ ਖੇਚਲ ਨਾ ਕਰਨ ਤੇ ਸਰਕਾਰ ਵੱਲੋਂ ਮੁਫ਼ਤ ਦਵਾਈਆਂ ਭੇਜੀਆਂ ਗਈਆਂ ਹਨ। ਪਸ਼ੂ ਪਾਲਕ ਨੇੜਲੇ ਹਸਪਤਾਲ ’ਚੋਂ ਅਪਣੇ ਪਸ਼ੂਆਂ ਦਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਵੱਡੀ ਗਿਣਤੀ ’ਚ ਪਸ਼ੂ ਪਾਲਕ, ਪਿੰਡ ਵਾਸੀਆਂ ਤੇ ਕਿਸਾਨ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News