ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
Tuesday, Nov 14, 2017 - 02:41 AM (IST)

ਮੋਗਾ, (ਆਜ਼ਾਦ)- ਰੱਬ ਨਗਰ ਮੋਗਾ ਨਿਵਾਸੀ ਅਖਿਲੇਸ਼ ਸ਼ੁਕਲਾ (35) ਵੱਲੋਂ ਅੱਜ ਆਪਣੇ ਘਰ 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਜੈ ਪਾਲ ਸਿੰਘ ਅਤੇ ਹੌਲਦਾਰ ਚਮਕੌਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ।
ਪੁਲਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਦੇ ਪਿਤਾ ਗੋਬਿੰਦ ਸ਼ੁਕਲਾ ਨੇ ਦੱਸਿਆ ਕਿ ਅਸੀਂ ਤੇਲ ਸਪਲਾਈ ਕਰਨ ਦਾ ਕਾਰੋਬਾਰ ਕਰਦੇ ਹਾਂ। ਅੱਜ ਮੈਂ ਅਤੇ ਮੇਰੀ ਪਤਨੀ ਬਾਜ਼ਾਰ ਗਏ ਸੀ ਕਿ ਜਦੋਂ ਅਸੀਂ ਘਰ ਆਏ ਤਾਂ ਵੇਖਿਆ ਕਿ ਉਸ ਦੇ ਬੇਟੇ ਨੇ ਗਲ 'ਚ ਫਾਹਾ ਲਾ ਕੇ ਪੱਖੇ ਨਾਲ ਲਟ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰੇ ਬੇਟੇ ਦੀ ਪਤਨੀ ਆਪਸੀ ਤਕਰਾਰ ਕਾਰਨ ਚਾਰ ਮਹੀਨੇ ਪਹਿਲਾਂ ਘਰੋਂ ਚਲੀ ਗਈ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ। ਪੁਲਸ ਨੇ ਗੋਬਿੰਦ ਸ਼ੁਕਲਾ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।