ਡਰਾਈਵਿੰਗ ਟੈਸਟ ਟ੍ਰੈਕ ’ਤੇ ਇੰਟਰਨੈੱਟ ਠੱਪ, ਬਿਨੈਕਾਰਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ
Wednesday, Mar 25, 2026 - 12:18 AM (IST)
ਲੁਧਿਆਣਾ (ਰਾਮ) : ਸਰਕਾਰੀ ਕਾਲਜ ਸਥਿਤ ਡ੍ਰਾਈਵਿੰਗ ਟੈਸਟ ਟ੍ਰੈਕ ’ਤੇ ਮੰਗਲਵਾਰ ਸਵੇਰ ਇੰਟਰਨੈੱਟ ਸੇਵਾਵਾਂ ਰੁਕਣ ਕਾਰਨ ਕੰਮ ਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਸਵੇਰ ਕਰੀਬ 9 ਵਜੇ ਤੋਂ ਲੈ ਕੇ 10.30 ਵਜੇ ਤੱਕ ਇੰਟਰਨੈੱਟ ਬੰਦ ਰਹਿਣ ਕਾਰਨ ਲਾਇਸੈਂਸ ਬਣਵਾਉਣ ਆਏ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਬਿਨੈਕਾਰ ਡੇਢ ਘੰਟੇ ਤੱਕ ਇੰਟਰਨੈੱਟ ਬਹਾਲ ਹੋਣ ਦਾ ਇੰਤਜ਼ਾਰ ਕਰਦੇ ਰਹੇ ਤੇ ਇਧਰ ਉਧਰ ਭਟਕਦੇ ਨਜ਼ਰ ਆਏ। ਜਾਣਕਾਰੀ ਮੁਤਾਬਕ ਡ੍ਰਾਈਵਿੰਗ ਟੈਸਟ ਤੇ ਲਾਇਸੈਂਸ ਨਾਲ ਜੁੜੀਆਂ ਸਾਰੀਆਂ ਪ੍ਰਕਿਰਿਆਵਾਂ ਆਨਲਾਈਨ ਹੋਣ ਕਾਰਨ ਇੰਟਰਨੈੱਟ ਬੰਦ ਹੁੰਦੇ ਹੀ ਪੂਰਾ ਸਿਸਟਮ ਠੱਪ ਹੋ ਗਿਆ। ਨਾ ਤਾਂ ਟੈਸਟ ਦੀ ਐਂਟਰੀ ਹੋ ਸਕੀ ਤੇ ਨਾ ਹੀ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਦਾ ਕੰਮ ਅੱਗੇ ਵਧ ਸਕਿਆ। ਇਸ ਨਾਲ ਟ੍ਰੈਕ ‘ਤੇ ਕੰਮ ਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! 18 ਸਾਲਾ ਕੁੜੀ ਨੇ ਕਰਵਾਈ Love Marriage ਤੇ ਫ਼ਿਰ...
ਇਸ ਸਬੰਧੀ ਜਦੋਂ ਟ੍ਰੈਕ ਇੰਚਾਰਜ ਰਵਿੰਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇੰਟਰਨੈੱਟ ਕੁਨੈਕਸ਼ਨ ਦੀਆਂ ਤਾਰਾਂ ਟੁੱਟਣ ਕਾਰਨ ਇਹ ਸਮੱਸਿਆ ਸਾਹਮਣੇ ਆਈ। ਸਬੰਧਤ ਕੰਪਨੀ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਜਲਦ ਹੀ ਸਮੱਸਿਆ ਦਾ ਹੱਲ ਕਰਕੇ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਆਰ.ਟੀ.ਓ. ਵੱਲੋਂ ਡ੍ਰਾਈਵਿੰਗ ਲਾਇਸੈਂਸ ਦੀ ਬੈਕਲਾਗ ਐਂਟਰੀ ਦਾ ਕੰਮ ਸੌਂਪਿਆ ਗਿਆ ਹੈ ਜਿਸ ਨੂੰ ਉਹ ਲਗਾਤਾਰ ਪੂਰਾ ਕਰ ਰਹੇ ਹਨ। ਉਨ੍ਹਾਂ ਕੋਲ ਕੁਲ 2000 ਫਾਈਲਾਂ ਆਈਆਂ ਸਨ ਜਿਨ੍ਹਾਂ ਵਿਚੋਂ 1500 ਫਾਈਲਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਚੁੱਕੀ ਹੈ। 1000 ਫਾਈਲਾਂ ਨੂੰ ਮਨਜ਼ੂਰੀ ਵੀ ਮਿਲ ਚੁੱਕੀ ਹੈ। ਬਿਨੈਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਬਦਲਵੇਂ ਇੰਤਜ਼ਾਮ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਵਾਰ-ਵਾਰ ਪ੍ਰੇਸ਼ਾਨੀ ਨਾ ਝੱਲਣੀ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
