ਨਸ਼ੇ ਨੇ ਲਈ 26 ਸਾਲਾ ਨੌਜਵਾਨ ਦੀ ਜਾਨ, ਖ਼ਾਲੀ ਪਲਾਟ ''ਚੋਂ ਮਿਲੀ ਲਾਸ਼

Saturday, Mar 28, 2026 - 04:28 PM (IST)

ਨਸ਼ੇ ਨੇ ਲਈ 26 ਸਾਲਾ ਨੌਜਵਾਨ ਦੀ ਜਾਨ, ਖ਼ਾਲੀ ਪਲਾਟ ''ਚੋਂ ਮਿਲੀ ਲਾਸ਼

ਜਲਾਲਾਬਾਦ (ਸੁਨੀਲ ਨਾਗਪਾਲ) : ਜਲਾਲਾਬਾਦ ਦੇ ਗੋਬਿੰਦ ਨਗਰੀ ਇਲਾਕੇ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ 26 ਸਾਲਾ ਨੌਜਵਾਨ ਦੀ ਲਾਸ਼ ਇੱਕ ਖ਼ਾਲੀ ਪਲਾਟ ਵਿੱਚੋਂ ਮਿਲੀ। ਸਥਾਨਕ ਲੋਕਾਂ ਵੱਲੋਂ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਵਾਸੀ ਪਿੰਡ ਮਹਿਮੂਦ ਖਾਨਾ ਵਜੋਂ ਹੋਈ ਹੈ। ਮ੍ਰਿਤਕ ਦੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਨਸ਼ੇ ਦਾ ਆਦੀ ਸੀ ਅਤੇ ਬੀਤੇ ਦਿਨ ਘਰੋਂ ਬਿਆਸ ਜਾਣ ਦਾ ਕਹਿ ਕੇ ਨਿਕਲਿਆ ਸੀ ਪਰ ਅੱਜ ਉਸਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ।

ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਮੁਹੱਲਾ ਨਿਵਾਸੀ ਸਵਰਣ ਸਿੰਘ ਨੇ ਦੱਸਿਆ ਕਿ ਇਲਾਕੇ 'ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਉਹ ਨਸ਼ਾ ਵੇਚਣ ਵਾਲਿਆਂ ਦੇ ਨਾਮ ਵੀ ਪੁਲਸ ਨੂੰ ਦੱਸਣ ਲਈ ਤਿਆਰ ਹਨ। ਪੁਲ ਸ ਅਧਿਕਾਰੀ ਅਮਰਜੀਤ ਕੌਰ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਨਸ਼ੇ ਦੇ ਟੀਕੇ (ਸਰਿੰਜਾਂ) ਅਤੇ ਸਿਲਵਰ ਪੰਨੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਤਸਕਰਾਂ ਨੂੰ ਫੜ੍ਹਾਉਣ 'ਚ ਪੁਲਸ ਦਾ ਸਾਥ ਦੇਣ।
 


author

Babita

Content Editor

Related News