ਝਗੜੇ ਤੋਂ ਪਰੇਸ਼ਾਨ ਟੈਕਸੀ ਚਾਲਕ ਨੇ ਚੁੱਕਿਆ ਖੌਫਨਾਕ ਕਦਮ, ਚਾਰ ਨਾਮਜ਼ਦ ਤੇ ਕਈ ਅਣਪਛਾਤਿਆਂ ''ਤੇ ਪਰਚਾ
Saturday, Apr 04, 2026 - 10:59 PM (IST)
ਪਾਤੜਾਂ (ਸੁਖਦੀਪ ਸਿੰਘ ਮਾਨ) : ਪਿੰਡ ਹਾਮਝੇੜੀ ਦੇ ਇੱਕ ਟੈਕਸੀ ਚਾਲਕ ਵੱਲੋਂ ਕਥਿਤ ਤੌਰ 'ਤੇ ਕੁਝ ਵਿਅਕਤੀਆਂ ਦੀ ਪ੍ਰੇਸ਼ਾਨੀ ਅਤੇ ਕੁੱਟਮਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਪੁੱਤਰ ਕ੍ਰਿਸ਼ਨ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ, ਬੀਤੇ ਦਿਨੀਂ ਕੁਝ ਵਿਅਕਤੀਆਂ ਨੇ ਉਸਦੇ ਪਿਤਾ ਨਾਲ ਝਗੜਾ ਕੀਤਾ ਸੀ। ਮੁਲਜ਼ਮਾਂ ਨੇ ਟੈਕਸੀ ਸਟੈਂਡ 'ਤੇ ਜਾ ਕੇ ਬਲਜਿੰਦਰ ਸਿੰਘ ਦੀ ਗੱਡੀ ਦੀ ਭੰਨ-ਤੋੜ ਕੀਤੀ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਇਸ ਜ਼ਲਾਲਤ ਅਤੇ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਬਲਜਿੰਦਰ ਸਿੰਘ ਨੇ ਇੱਕ ਵੀਡੀਓ ਬਣਾਉਣ ਉਪਰੰਤ ਜ਼ਹਿਰੀਲੀ ਦਵਾਈ ਪੀ ਲਈ। ਗੰਭੀਰ ਹਾਲਤ ਵਿੱਚ ਉਸ ਨੂੰ ਟੋਹਾਣਾ (ਹਰਿਆਣਾ) ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮੇਜਰ ਸਿੰਘ,ਕਰਮਜੀਤ ਸਿੰਘ ਉਰਫ਼ ਪੀਚਾ,ਬੰਟੀ (ਵਾਸੀ ਪਾਤੜਾਂ),ਦੀਪਕ (ਦੀਪੂ ਵਾਸੀ ਸਮਾਣਾ) ਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
