ਪੰਜਾਬੀ ਨੌਜਵਾਨ ਦੁਬਈ ''ਚ ਪਿਛਲੇ 45 ਦਿਨਾਂ ਤੋਂ ਲਾਪਤਾ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

Wednesday, Mar 25, 2026 - 08:17 PM (IST)

ਪੰਜਾਬੀ ਨੌਜਵਾਨ ਦੁਬਈ ''ਚ ਪਿਛਲੇ 45 ਦਿਨਾਂ ਤੋਂ ਲਾਪਤਾ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

ਬਰਨਾਲਾ : ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੇਰੇ ਤੋਂ ਇੱਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ 40 ਸਾਲਾ ਨੌਜਵਾਨ ਵੀਰਬਲ ਸਿੰਘ ਪਿਛਲੇ 45 ਦਿਨਾਂ ਤੋਂ ਲਾਪਤਾ ਹੈ। ਵੀਰਬਲ ਸਿੰਘ, ਜੋ ਕਿ ਸਵਰਗੀ ਭੋਰਾ ਸਿੰਘ ਦਾ ਪੁੱਤਰ ਹੈ, ਇੱਕ ਸਾਲ ਪਹਿਲਾਂ ਬਤੌਰ ਰਾਜ ਮਿਸਤਰੀ (ਬਿਲਡਿੰਗ ਕੰਸਟ੍ਰਕਸ਼ਨ) ਦਾ ਕੰਮ ਕਰਨ ਲਈ ਦੁਬਈ ਗਿਆ ਸੀ।

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵੀਰਬਲ ਦੀ ਬਜ਼ੁਰਗ ਮਾਂ ਨਸੀਬ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਵੀਰਬਲ ਦੀ ਆਪਣੇ ਪਰਿਵਾਰ ਨਾਲ ਲਗਾਤਾਰ ਗੱਲ ਹੁੰਦੀ ਸੀ, ਪਰ ਪਿਛਲੇ ਡੇਢ ਮਹੀਨੇ ਤੋਂ ਉਸ ਦਾ ਸੰਪਰਕ ਬਿਲਕੁਲ ਟੁੱਟ ਚੁੱਕਾ ਹੈ। ਪਰਿਵਾਰ ਮੁਤਾਬਕ ਖਾੜੀ ਦੇਸ਼ਾਂ ਵਿੱਚ ਇਰਾਨ-ਇਜ਼ਰਾਈਲ ਜੰਗ ਦੇ ਹਾਲਾਤਾਂ ਕਾਰਨ ਉਹ ਆਪਣੇ ਪੁੱਤਰ ਦੀ ਸਲਾਮਤੀ ਨੂੰ ਲੈ ਕੇ ਬੇਹੱਦ ਡਰੇ ਹੋਏ ਹਨ। ਇਸ ਦੌਰਾਨ ਘਰ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ ਕਿਉਂਕਿ ਵੀਰਬਲ ਦੀ ਪਤਨੀ ਵੀ ਆਪਣੀ 11 ਸਾਲਾ ਧੀ ਨੂੰ ਲੈ ਕੇ ਘਰੋਂ ਨਾਰਾਜ਼ ਹੋ ਕੇ ਚਲੀ ਗਈ ਹੈ।

ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ
ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ (ਡੀ.ਸੀ.) ਬਰਨਾਲਾ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ ਹੈ। ਇਸ ਰਾਹੀਂ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੀਰਬਲ ਸਿੰਘ ਨੂੰ ਲੱਭਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਬੈਠੇ ਐੱਨ.ਆਰ.ਆਈਜ਼ (NRIs) ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਗਰੀਬ ਪਰਿਵਾਰ ਦਾ ਚਿਰਾਗ ਜਲਦ ਤੋਂ ਜਲਦ ਆਪਣੇ ਪਿੰਡ ਵਾਪਸ ਆ ਸਕੇ।

ਰੋਂਦੀ ਹੋਈ ਮਾਂ ਨਸੀਬ ਕੌਰ ਨੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਉਸ ਦੇ ਪੁੱਤਰ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਆਪਣੇ ਪੁੱਤਰ ਦਾ ਚਿਹਰਾ ਦੇਖ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News