ਰੰਧਾਵਾ ਖੁਦਕੁਸ਼ੀ ਮਾਮਲੇ ’ਚ ਕਾਂਗਰਸ ਦੋਫਾੜ, ਸੀ. ਬੀ. ਆਈ ਜਾਂਚ ’ਤੇ ਤਿੱਖੀ ਸਿਆਸਤ
Thursday, Mar 26, 2026 - 11:07 AM (IST)
ਅੰਮ੍ਰਿਤਸਰ (ਕਮਲ)- ਰੰਧਾਵਾ ਖੁਦਕੁਸ਼ੀ ਕੇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਹੋਰ ਭੱਖ ਗਈ ਹੈ। ਇਸ ਮਾਮਲੇ ’ਤੇ ਕਾਂਗਰਸ ਪਾਰਟੀ ਦੇ ਅੰਦਰ ਹੀ ਵੱਡੇ ਮਤਭੇਦ ਸਾਹਮਣੇ ਆ ਗਏ ਹਨ। ਇਕ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ, ਜਦਕਿ ਦੂਜੇ ਪਾਸੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਸੀ. ਬੀ. ਆਈ ਜਾਂਚ ’ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਬਹੁਤ ਜ਼ਰੂਰੀ ਹੈ, ਇਸ ਲਈ ਕੇਸ ਨੂੰ ਸੀ. ਬੀ. ਆਈ ਨੂੰ ਸੌਂਪਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 48 ਘੰਟੇ ਅਹਿਮ ! ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਪੱਧਰ ’ਤੇ ਜਾਂਚ ਨਾਲ ਪੂਰੀ ਸੱਚਾਈ ਸਾਹਮਣੇ ਨਹੀਂ ਆ ਸਕਦੀ, ਇਸ ਲਈ ਕੇਂਦਰੀ ਏਜੰਸੀ ਤੋਂ ਜਾਂਚ ਹੀ ਸਹੀ ਰਸਤਾ ਹੈ। ਦੂਜੇ ਪਾਸੇ ਅਮਰਿੰਦਰ ਸਿੰਘ ਵੜਿੰਗ ਨੇ ਸੀ. ਬੀ. ਆਈ ’ਤੇ ਭਰੋਸਾ ਨਾ ਹੋਣ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੀ. ਬੀ. ਆਈ ਇੱਕ ਸੁਤੰਤਰ ਏਜੰਸੀ ਵਾਂਗ ਕੰਮ ਨਹੀਂ ਕਰ ਰਹੀ, ਇਸ ਲਈ ਇਸ ਕੇਸ ਵਿੱਚ ਉਸ ਤੋਂ ਕੋਈ ਵੱਡੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਜ਼ੋਰ ਦਿੱਤਾ ਕਿ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਰਾਜ ਪੱਧਰ ’ਤੇ ਵੀ ਸੰਭਵ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਮੌਜੂਦਾ ਸਰਪੰਚ ਦੇ ਭਰਾ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਭਾਜਪਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰੰਧਾਵਾ ਨੂੰ ਧਮਕਾਇਆ ਸੀ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰੀ। ਉਨ੍ਹਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਰੰਧਾਵਾ ਸੁਸਾਈਡ ਕੇਸ ਹੁਣ ਵੱਡਾ ਰਾਜਨੀਤਿਕ ਮੁੱਦਾ ਬਣਦਾ ਜਾ ਰਿਹਾ ਹੈ। ਕਾਂਗਰਸ ਅੰਦਰ ਮਤਭੇਦ, ਭਾਜਪਾ ਦੇ ਦੋਸ਼ ਅਤੇ ਸਰਕਾਰ ’ਤੇ ਵਧਦਾ ਦਬਾਅ ਇਹ ਦਰਸਾਉਂਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਵੀ ਭੱਖੇਗਾ। ਪੀੜਤ ਪਰਿਵਾਰ ਇਨਸਾਫ਼ ਦੀ ਮੰਗ ’ਤੇ ਡੱਟਿਆ ਹੋਇਆ ਹੈ ਅਤੇ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆਉਣ ਦੀ ਉਡੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਅੰਮ੍ਰਿਤਸਰ ਤੋਂ ਹਵਾਈ ਸਫ਼ਰ ਹੋਵੇਗਾ ਮਹਿੰਗਾ, ਵਪਾਰਕ ਗਤੀਵਿਧੀਆਂ ਵੀ ਹੋਣਗੀਆਂ ਪ੍ਰਭਾਵਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
