ਪਿੰਡ ਮੌਜਪੁਰ ਦੇ ਨੌਜਵਾਨ ਦੀ ਦੁਬਈ ''ਚ ਸ਼ੱਕੀ ਹਾਲਾਤ ''ਚ ਮੌਤ, ਪਰਿਵਾਰ ਨੇ ਲਗਾਏ ਕਤਲ ਦੋਸ਼
Saturday, Mar 28, 2026 - 06:06 PM (IST)
ਗੁਰਦਾਸਪੁਰ (ਹਰਮਨ) : ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਆਉਂਦੇ ਪਿੰਡ ਮੌਜਪੁਰ ਦੇ 25 ਸਾਲਾ ਨੌਜਵਾਨ ਕੁਲਵੰਤ ਸਿੰਘ ਦੀ ਦੁਬਈ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੁੰਡੇ ਦੇ ਸਹੁਰੇ ਪਰਿਵਾਰ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਪਿਤਾ ਅਜੀਤ ਸਿੰਘ ਅਤੇ ਭਰਾ ਬਸੰਤ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਰੋਜ਼ਗਾਰ ਦੀ ਖਾਤਰ ਪਿਛਲੇ ਕਾਫੀ ਸਮੇਂ ਤੋਂ ਦੁਬਈ ਵਿਚ ਰਹਿ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹ ਵਿਆਹ ਕਰਵਾਉਣ ਲਈ ਪਿੰਡ ਆਇਆ ਸੀ ਅਤੇ ਵਿਆਹ ਤੋਂ ਬਾਅਦ ਕੁਝ ਦਿਨ ਘਰ ਰਹਿਣ ਉਪਰੰਤ ਮੁੜ ਦੁਬਈ ਚਲਾ ਗਿਆ ਸੀ। ਪਰਿਵਾਰ ਅਨੁਸਾਰ ਕੁਲਵੰਤ ਸਿੰਘ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰ, ਜਿਨ੍ਹਾਂ ਵਿਚ ਉਸ ਦਾ ਸਾਲਾ ਅਤੇ ਸਾਂਢੂ ਸ਼ਾਮਲ ਹਨ, ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਰਹਿੰਦੇ ਸਨ। ਉਸ ਨੇ ਜਲਦੀ ਘਰ ਵਾਪਸ ਆਉਣ ਦੀ ਵੀ ਗੱਲ ਕਹੀ ਸੀ।
ਪਰਿਵਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਕੁਲਵੰਤ ਸਿੰਘ ਆਪਣੇ ਕਮਰੇ ਤੋਂ ਬਾਹਰ ਗਿਆ ਤਾਂ ਕੁਝ ਦੂਰੀ ’ਤੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਦੀ ਸੂਚਨਾ ਮਿਲੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਗ਼ਮ ਦਾ ਮਾਹੌਲ ਹੈ ਅਤੇ ਉਹ ਇਸ ਨੂੰ ਕਤਲ ਕਰਾਰ ਦੇ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਕੁਲਵੰਤ ਸਿੰਘ ਦੀ ਪਤਨੀ ਇਸ ਵੇਲੇ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਉਹ ਕੁਲਵੰਤ ਸਿੰਘ ਦੇ ਕੁਝ ਜ਼ਰੂਰੀ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਉਸ ਦੀ ਪਤਨੀ ਦੇ ਕੁਝ ਰਿਸ਼ਤੇਦਾਰਾਂ ਦੀ ਭੂਮਿਕਾ ਹੋ ਸਕਦੀ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਉਣ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਦੀਆਂ ਹਲਕੇ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਨਾਲ ਸੰਪਰਕ ਕੀਤਾ ਗਿਆ ਹੈ। ਇਸ ਸਬੰਧੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਸੰਬੰਧਤ ਵਿਭਾਗਾਂ ਅਤੇ ਦੁਬਈ ਵਿਚ ਭਾਰਤੀ ਕੌਂਸਲੇਟ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਤਾਂ ਜੋ ਮ੍ਰਿਤਕ ਦੀ ਦੇਹ ਜਲਦੀ ਤੋਂ ਜਲਦੀ ਪਰਿਵਾਰ ਤੱਕ ਪਹੁੰਚ ਸਕੇ। ਪਰਿਵਾਰ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
