ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਮਾਮਲੇ 'ਚ ਵੱਡੀ ਅਪਡੇਟ! SHO ਮੁਅੱਤਲ, 'ਆਪ' ਪੰਚਾਇਤ ਮੈਂਬਰ 'ਤੇ ਪਰਚਾ

Monday, Mar 23, 2026 - 07:45 PM (IST)

ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਮਾਮਲੇ 'ਚ ਵੱਡੀ ਅਪਡੇਟ! SHO ਮੁਅੱਤਲ, 'ਆਪ' ਪੰਚਾਇਤ ਮੈਂਬਰ 'ਤੇ ਪਰਚਾ

ਬਰਨਾਲਾ (ਪੁਨੀਤ) : ਪਿੰਡ ਰਾਜਗੜ੍ਹ 'ਚ ਗਲੀ ਦੇ ਵਿਵਾਦ ਨੂੰ ਲੈ ਕੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਇੱਕਪਾਸੜ ਕਾਰਵਾਈ ਕਰਨ ਅਤੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਧਨੌਲਾ ਥਾਣੇ ਦੇ SHO ਲਖਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਆਮ ਆਦਮੀ ਪਾਰਟੀ ਦੇ ਸਰਗਰਮ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਹੈ।

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਪਿੰਡ ਰਾਜਗੜ੍ਹ 'ਚ ਨਵੀਂ ਗਲੀ ਬਣਾਉਣ ਦੇ ਮੁੱਦੇ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਦੋਸ਼ ਹੈ ਕਿ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਨੇ ਸਿਆਸੀ ਦਬਾਅ ਦਿਖਾਉਂਦੇ ਹੋਏ ਧਨੌਲਾ ਥਾਣਾ ਮੁਖੀ ਲਖਬੀਰ ਸਿੰਘ ਨੂੰ ਮੌਕੇ ’ਤੇ ਬੁਲਾਇਆ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ SHO ਨੇ ਦੂਜੀ ਧਿਰ ਦੇ ਪਰਿਵਾਰਕ ਮੈਂਬਰਾਂ ਅਤੇ ਖ਼ਾਸ ਕਰਕੇ ਔਰਤਾਂ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕੀਤੀ।

ਨੌਜਵਾਨ ਨੇ ਪੀਤੀ ਜ਼ਹਿਰੀਲੀ ਸਪਰੇਅ
ਪੁਲਸ ਅਤੇ ਪੰਚਾਇਤ ਮੈਂਬਰ ਦੇ ਇਸ ਵਤੀਰੇ ਤੋਂ ਦੁਖੀ ਹੋ ਕੇ ਪਿੰਡ ਦੇ ਨੌਜਵਾਨ ਮਨਜਿੰਦਰ ਸਿੰਘ ਨੇ ਜ਼ਹਿਰੀਲੀ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਨਜਿੰਦਰ ਸਿੰਘ ਨੂੰ ਗੰਭੀਰ ਹਾਲਤ 'ਚ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਡੀ.ਸੀ. ਦਫ਼ਤਰ ਦੇ ਬਾਹਰ ਹੋਇਆ ਸੀ ਪ੍ਰਦਰਸ਼ਨ
ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ, ਪਿੰਡ ਵਾਸੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਬਰਨਾਲਾ ਦੇ ਡੀ.ਸੀ. ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ੀ ਪੁਲਸ ਅਧਿਕਾਰੀ ਅਤੇ ਪੰਚਾਇਤ ਮੈਂਬਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

ਪੁਲਸ ਅਧਿਕਾਰੀ ਦਾ ਬਿਆਨ
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੰਚਾਇਤ ਮੈਂਬਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ SHO ਧਨੌਲਾ ਨੂੰ ਮੁਅੱਤਲ ਕਰਕੇ ਪੁਲਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News