ਡਰੱਗਜ਼ ਖਿਲਾਫ ਬਣੀ ਐੱਸ. ਟੀ. ਐੱਫ. ਫਿਰ ਹੋਈ ''ਆਜ਼ਾਦ'', ਜਾਰੀ ਹੋਈ ਨੋਟੀਫਿਕੇਸ਼ਨ

09/14/2018 9:35:36 AM

ਚੰਡੀਗੜ੍ਹ (ਰਮਨਜੀਤ) : ਨਸ਼ੇ ਖਿਲਾਫ ਕੈਪਟਨ ਸਰਕਾਰ ਵਲੋਂ ਗਠਿਤ ਕੀਤੀ ਗਈ ਐਸ. ਟੀ. ਐਫ. ਨੂੰ ਇਕ ਵਾਰ ਫਿਰ 'ਆਜ਼ਾਦ' ਕਰਨ ਦਾ ਫੈਸਲਾ ਲੈ ਲਿਆ ਗਿਆ ਹੈ। ਰਾਜ ਸਰਕਾਰ ਨੇ ਡਰੱਗਜ਼ 'ਤੇ ਬਣੀ ਸਪੈਸ਼ਲ ਟਾਸਕ ਫੋਰਸ ਨੂੰ ਪੰਜਾਬ ਪੁਲਸ ਦੇ ਇਕ ਵਰਟੀਕਲ ਦੇ ਤੌਰ 'ਤੇ ਕੰਮ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਹੁਣ ਐਸ. ਟੀ. ਐਫ. ਵੀ ਇੰਟੈਲੀਜੈਂਸ ਵਿੰਗ ਦੀ ਹੀ ਤਰ੍ਹਾਂ ਪੰਜਾਬ ਪੁਲਸ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰੇਗੀ। ਰਾਜ ਸਰਕਾਰ ਵਲੋਂ ਪ੍ਰਾਪਤ ਸੂਚਨਾ ਦੇ ਮੁਤਾਬਕ ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ 'ਤੇ ਅਮਲ ਕਰਦਿਆਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

ਇਸ ਨੋਟੀਫਿਕੇਸ਼ਨ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਐਸ. ਟੀ. ਐਫ. ਆਜ਼ਾਦਾਨਾ ਤੌਰ 'ਤੇ ਕੰਮ ਕਰੇਗੀ। ਇਕ ਹੋਰ ਮਹੱਤਵਪੂਰਣ ਫੈਸਲਾ ਲੈਂਦਿਆਂ ਪੰਜਾਬ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਵੀ ਐਸ.ਟੀ.ਐਫ 'ਚ ਹੀ ਮਰਜ ਕਰ ਦਿੱਤਾ ਗਿਆ ਹੈ ਤਾਂ ਕਿ ਪੰਜਾਬ 'ਚ ਨਸ਼ੇ ਖਿਲਾਫ ਮੁਹਿੰਮ 'ਤੇ ਕਾਰਵਾਈ ਨੂੰ ਮਜ਼ਬੂਤ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ।
ਦੱਸਣਯੋਗ ਹੈ ਕਿ ਰਾਜ 'ਚ ਸੱਤਾ ਬਦਲਣ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ੇ ਖਿਲਾਫ ਆਪਣੀ ਜੰਗ ਦਾ ਐਲਾਨ ਕਰਦਿਆਂ ਐਸ. ਟੀ. ਐਫ. ਦਾ ਗਠਨ ਕੀਤਾ ਸੀ ਤੇ ਆਪਣੇ ਭਰੋਸੇਯੋਗ ਪੁਲਸ ਅਧਿਕਾਰੀ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨੂੰ ਇਸ ਦੀ ਕਮਾਨ ਸੌਂਪੀ ਸੀ।

ਐਸ. ਟੀ. ਐਫ. ਚੀਫ ਹਰਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਪੁਲਸ ਡੀ. ਜੀ. ਪੀ. ਦੀ ਬਜਾਏ ਸਿੱਧੇ ਮੁੱਖ ਮੰਤਰੀ ਨੂੰ ਰਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਸੀ ਤਾਂ ਕਿ ਐਸ.ਟੀ.ਐਫ. ਆਜ਼ਾਦਾਨਾ ਤਰੀਕੇ ਨਾਲ ਕੰਮ ਕਰ ਸਕੇ। ਇਸ ਤੋਂ ਬਾਅਦ ਐਸ.ਟੀ.ਐਫ. ਵਲੋਂ ਆਪਣੀ ਪਹਿਲੀ ਹੀ ਵੱਡੀ ਕਾਰਵਾਈ 'ਚ ਪੰਜਾਬ ਪੁਲਸ ਦੇ ਹੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਦਬੋਚਿਆ ਗਿਆ ਸੀ ਤੇ ਉਸ ਕੋਲੋਂ ਵੱਡੀ ਮਾਤਰਾ ਵਿਚ ਨਸ਼ਾ ਤੇ ਹਥਿਆਰ ਬਰਾਮਦ ਕੀਤੇ ਗਏ ਸਨ।

ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਹੀ ਪੰਜਾਬ ਪੁਲਸ ਦੇ ਅੰਦਰ ਹੀ ਰਾਜਨੀਤੀ ਸ਼ੁਰੂ ਹੋਈ ਤੇ ਮਾਮਲਾ ਇੰਨਾ ਵਧਿਆ ਕਿ ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਵੀ ਇਕ-ਦੂਜੇ 'ਤੇ ਦੋਸ਼ ਲਾਉਣ ਲੱਗੇ। ਪੁਲਸ ਦੀ ਇਸ ਹੇਠੀ ਤੋਂ ਬਾਅਦ ਸਰਕਾਰ ਨੂੰ ਦਖਲ ਦੇਣਾ ਪਿਆ ਤੇ ਇਸ ਦੌਰਾਨ ਏ. ਡੀ. ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਦੇ ਖੰਭ ਕੁਤਰਦੇ ਹੋਏ ਉਨ੍ਹਾਂ ਨੂੰ ਏ.ਡੀ.ਜੀ.ਪੀ. ਬਾਰਡਰ ਰੇਂਜ ਦਾ ਚਾਰਜ ਵੀ ਵਾਪਸ ਲਿਆ ਗਿਆ ਅਤੇ ਨਾਲ ਹੀ ਉਨ੍ਹਾਂ ਦੀ ਰਿਪੋਰਟਿੰਗ ਵੀ ਸਿੱਧੇ ਮੁੱਖ ਮੰਤਰੀ ਦੀ ਬਜਾਏ ਡੀ. ਜੀ. ਪੀ. ਪੰਜਾਬ ਪੁਲਸ ਨੂੰ ਕਰ ਦਿੱਤੀ ਗਈ ਸੀ।


Related News