Rapido ਤੋਂ ਡਿੱਗੀ ਮਹਿਲਾ, ਉੱਪਰੋਂ ਲੰਘ ਗਿਆ 16 ਟਾਇਰੀ ਟਰਾਲਾ, ਮੌਕੇ ''ਤੇ ਹੋਈ ਦਰਦਨਾਕ ਮੌਤ
Friday, Feb 13, 2026 - 03:02 PM (IST)
ਲੁਧਿਆਣਾ (ਰਾਜ): ਢੋਲੇਵਾਲ ਚੌਕ 'ਚ ਸ਼ੁੱਕਰਵਾਰ ਸਵੇਰੇ ਇਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ, ਜਿੱਥੇ ਡਿਊਟੀ 'ਤੇ ਜਾ ਰਹੀ ਇਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਨਿੱਜੀ ਕੰਪਨੀ ਵਿਚ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਤਾਇਨਾਤ ਸੁਮਨ ਜੈਨ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਰੈਪਿਡੋ ਬਾਈਕ ਬੁੱਕ ਕਰ ਕੇ ਆਪਣੇ ਕੰਮ 'ਤੇ ਨਿਕਲੀ ਸੀ। ਜਿਉਂ ਹੀ ਬਾਈਕ ਢੋਲੇਵਾਲ ਚੌਕ ਨੇੜੇ ਪਹੁੰਚੀ, ਅਚਾਨਕ ਬੇਕਾਬੂ ਹੋ ਕੇ ਸਲਿੱਪ ਹੋ ਗਈ। ਬਦਕਿਸਮਤੀ ਨਾਲ ਬਾਈਕ ਤੋਂ ਡਿੱਗਦਿਆਂ ਹੀ ਸੁਮਨ ਜੈਨ ਮਗਰੋਂ ਆ ਰਹੇ ਇਕ 16 ਟਾਇਰੀ ਟਰਾਲੇ ਦੇ ਪਿਛਲੇ ਟਾਇਰਾਂ ਦੀ ਲਪੇਟ ਵਿਚ ਆ ਗਈ। ਇਸ ਤੋਂ ਪਹਿਲਾਂ ਕੋਈ ਕੁਝ ਸਮਝ ਪਾਉਂਦਾ ਜਾਂ ਟਰੱਕ ਚਾਲਕ ਬ੍ਰੇਕ ਲਗਾ ਪਾਉਂਦਾ, ਭਾਰੀ ਭਰਕਮ ਟਾਇਰ ਮਹਿਲਾ ਦੇ ਸਿਰ ਉੱਪਰੋਂ ਲੰਘ ਗਿਆ ਤੇ ਉਸ ਦੀ ਤੜਫ-ਤੜਫ ਕੇ ਮੌਕੇ 'ਤੇ ਹੀ ਮੌਤ ਹੋ ਗਈ।
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਤਕ ਨਹੀਂ ਮਿਲਿਆ। ਸੜਕ 'ਤੇ ਖਿੱਲਰੇ ਖ਼ੂਨ ਤੇ ਲਾਸ਼ ਦੀ ਹਾਲਤ ਵੇਖ ਕੇ ਹਰ ਰਾਹਗੀਰ ਦੀ ਰੂਹ ਕੰਬ ਉੱਠੀ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਕਿਉਂਕਿ ਸੁਮਨ ਆਪਣੇ ਪਿੱਛੇ ਦੋ ਧੀਆਂ ਤੇ ਇਕ ਪੁੱਤ ਛੱਡ ਗਈ ਹੈ, ਜੋ ਸਪੈਸ਼ਲ ਚਾਈਲਡ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਤੇ ਸਭ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭਿਜਵਾਇਆ। ਪੁਲਸ ਨੇ ਕਾਰਵਾਈ ਕਰਦਿਆਂ ਹਾਦਸੇ ਵਿਚ ਸ਼ਾਮਲ 16 ਟਾਇਰੀ ਟਰਾਲੇ ਨੂੰ ਜ਼ਬਤ ਕਰ ਲਿਆ ਹੈ ਤੇ ਟਰੱਕ ਚਾਲਕ ਦੇ ਨਾਲ-ਨਾਲਲ ਰੈਪਿਡੋ ਬਾਈਕ ਚਾਲਕ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ।
