ਨਸ਼ਿਆਂ ਦੇ ਮਾਮਲੇ ''ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ''ਆਪ'' ਸਰਕਾਰ: ਕੁੰਵਰ ਵਿਜੇ ਪ੍ਰਤਾਪ
Friday, Feb 13, 2026 - 06:31 PM (IST)
ਜਲੰਧਰ: ਪੰਜਾਬ ਵਿਚ 'ਆਪ' ਸਰਕਾਰ ਨਸ਼ਿਆਂ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਆਮ ਆਦਮੀ ਪਾਰਟੀ 6 ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨ ਦੀਆਂ ਗੱਲਾਂ ਕਰ ਕੇ ਸੱਤਾ ਵਿਚ ਆਈ ਸੀ, ਪਰ ਹੁਣ 4 ਸਾਲ ਬੀਤ ਜਾਣ ਦੇ ਬਾਵਜੂਦ ਨਸ਼ਾ ਖ਼ਤਮ ਨਹੀਂ ਹੋ ਸਕਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਕੀਤਾ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਨਸ਼ਾ ਘਟਣ ਦੀ ਬਜਾਏ ਹੋਰ ਵੱਧ ਗਿਆ ਹੈ। ਉਨ੍ਹਾਂ ਨੇ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਆਪ੍ਰੇਸ਼ਨ ਪ੍ਰਹਾਰ' ਨੂੰ ਮਹਿਜ਼ ਪੀ. ਆਰ. ਸਟੰਟ ਦੱਸਦਿਆਂ ਕਿਹਾ ਕਿ ਨਸ਼ੇ ਅਤੇ ਗੈਂਗਸਟਰਾਂ ਦੇ ਖ਼ਿਲਾਫ਼ ਪ੍ਰਹਾਰ ਬੋਲ ਕੇ ਨਹੀਂ ਹੁੰਦਾ। ਸੀਨੀਅਰ ਪੁਲਸ ਅਫ਼ਸਰ ਰਹਿ ਚੁੱਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਨਸ਼ੇ ਅਤੇ ਗੈਂਗਸਟਰਾਂ ਦੇ ਖ਼ਿਲਾਫ਼ ਲੜਾਈ ਅੰਦਰੂਨੀ ਤੌਰ 'ਤੇ ਲੜੀ ਜਾਂਦੀ ਹੈ, ਇਸ ਤਰ੍ਹਾਂ ਮੀਡੀਆ 'ਤੇ ਰੌਲ਼ਾ ਪਾ ਕੇ ਤੇ ਇਸ਼ਤਿਹਾਰਬਾਜ਼ੀ ਕਰ ਕੇ ਨਹੀਂ। ਦਾਅਵਾ ਕੀਤਾ ਕਿ 'ਯੁੱਧ ਨਸ਼ਿਆਂ ਵਿਰੁੱਧ' ਦੀਆਂ ਰੈਲੀਆਂ ਵਿਚ ਨਸ਼ਿਆਂ ਦੇ ਕਾਰੋਬਾਰੀ ਜ਼ਿਆਦਾ ਸ਼ਾਮਲ ਹੁੰਦੇ ਹਨ।
ਵਿਧਾਇਕ ਨੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਦਾ ਰਾਜ ਹੋ ਗਿਆ। ਬਹੁਤ ਸਾਰੇ ਗੈਂਗਸਟਰ ਤਾਂ ਜੇਲ੍ਹਾਂ ਅੰਦਰੋਂ ਜਾਂ ਦੂਜੇ ਦੇਸ਼ਾਂ ਤੋਂ ਆਪਣੀਆਂ ਕਾਰਵਾਈਆਂ ਕਰ ਰਹੇ ਹਨ। ਜੇਲ੍ਹਾਂ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ਬਿਨਾਂ ਇਹ ਸਭ ਨਹੀਂ ਹੋ ਸਕਦਾ ਤੇ ਜੇਲ੍ਹ ਅੰਦਰ ਮੋਬਾਈਲ ਫ਼ੋਨ ਅਤੇ ਨੈੱਟਵਰਕ ਪਹੁੰਚਣਾ ਸਰਕਾਰੀ ਤੰਤਰ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ।
