ਸਿਮ ਬੰਦ ਹੋਣ ਤੋਂ ਬਚਾਉਣ ਦੇ ਝਾਂਸੇ ’ਚ ਲੈ ਕੇ 6 ਲੱਖ ਰੁਪਏ ਦੀ ਠੱਗੀ

Sunday, Mar 19, 2023 - 06:08 PM (IST)

ਸਿਮ ਬੰਦ ਹੋਣ ਤੋਂ ਬਚਾਉਣ ਦੇ ਝਾਂਸੇ ’ਚ ਲੈ ਕੇ 6 ਲੱਖ ਰੁਪਏ ਦੀ ਠੱਗੀ

ਨਵਾਂਸ਼ਹਿਰ (ਤ੍ਰਿਪਾਠੀ) : ਮੋਬਾਇਲ ਫੋਨ ਬੰਦ ਹੋਣ ਤੋਂ ਬਚਾਉਣ ਦੇ ਝਾਂਸੇ ਵਿਚ ਲੈ ਕੇ 6 ਲੱਖ ਰੁਪਏ ਤੋਂ ਵੱਧ ਦੀ ਠੱਗੀ ਕਰਨ ਵਾਲੇ ਮਹਿਲਾ ਸਮੇਤ 2 ਜਾਲਸਾਜ਼ਾਂ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਜਸਵੀਰ ਕੌਰ ਪਤਨੀ ਹਰਜਿੰਦਰ ਕੁਮਾਰ ਵਾਸੀ ਪਿੰਡ ਛੂਛੇਵਾਲ ਨੇ ਦੱਸਿਆ ਕਿ ਉਸਦੇ ਮੋਬਾਇਲ ਫੋਨ ’ਤੇ ਇਕ ਕਾਲ ਆਈ, ਜਿਸ ਵਿਚ ਕਾਲਰ ਨੇ ਉਸਨੂੰ ਦੱਸਿਆ ਕਿ ਉਸਦੀ ਸਿਮ ਬੰਦ ਹੋ ਜਾਣੀ ਹੈ ਜਿਸ ਲਈ ਕਾਲਰ ਨੇ ਕੇ.ਵਾਈ.ਸੀ. ਅਤੇ 10 ਰੁਪਏ ਦਾ ਰਿਚਾਰਜ ਕਰਵਾਉਣ ਦੀ ਹਦਾਇਤ ਦਿੱਤੀ।

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਨੇ ਐਪ ਤੋਂ ਰਿਚਾਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰਿਚਾਰਜ ਨਹੀਂ ਹੋ ਸਕਿਆ। ਉਕਤ ਕਾਲਰ ਨੇ ਉਸਨੂੰ ਨੈੱਟਬੈਂਕਿੰਗ ਰਾਹੀਂ ਰਿਚਾਰਜ ਕਰਵਾਉਣ ਲਈ ਕਿਹਾ। ਉਪਰੰਤ ਉਸਦੇ ਮੋਬਾਇਲ ’ਤੇ ਇਕ ਲਿੰਕ ਆਇਆ ਅਤੇ ਖੁਦ ਹੀ ਮੋਬਾਇਲ ’ਤੇ ਐਨੀਡੈਸਕ ਐਪ ਲੋਡ ਹੋ ਗਈ। ਉਪਰੰਤ ਉਸਦੇ ਬੈਂਕ ਖਾਤੇ ’ਤੋਂ ਉਕਤ ਕਾਲਰ ਨੇ 6,12,890 ਰੁਪਏ ਦੀ ਰਕਮ ਕੱਢਵਾ ਲਈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀਆਂ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਐੱਸ.ਪੀ. (ਡੀ) ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਪੋਜੇਵਾਲ ਦੀ ਪੁਲਸ ਨੇ ਹੇਮੰਤਾ ਸਿੰਘ ਪੁੱਤਰ ਰਘੁਨਾਥ ਸਿੰਘ ਵਾਸੀ ਮੁਨੂੰਤੋਨੀਆ ਚੰਦਨਪੁਰ ਬਲੇਸ਼ਵਰ (ਉੜੀਸਾ) ਅਤੇ ਅੰਬਾਲੀਕਾ ਗਾਇਨ ਪੁੱਤਰੀ ਸੰਤੋਸ਼ ਗਾਇਨ ਵਾਸੀ ਸੀਤਾਗੜ੍ਹੀ ਮਸ਼ੂਰਾਪੁਰ ਸਾਊਥ (ਪੱਛਮੀ ਬੰਗਾਲ) ਦੇ ਖਿਲਾਫ ਧਾਰਾ 420 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News