ਸਿੱਧਵਾਂ ਨਹਿਰ ਮਾਮਲਾ : ਕਾਲੇ ਪਦਾਰਥ ਨੂੰ ਦੱਸਿਆ ''ਹਵਨ ਸਮੱਗਰੀ'', ਕੀਤੀ ਤੌਬਾ ਪਰ...

06/12/2018 3:41:07 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਬੀਤੇ ਦਿਨੀਂ ਸਿੱਧਵਾਂ ਨਹਿਰ 'ਚ ਕਾਲੇ ਪਦਾਰਥ ਦੀਆਂ ਬੋਰੀਆਂ ਸੁੱਟਣ ਵਾਲੇ ਲੁਧਿਅਣਾ ਦੇ ਵਿਅਕਤੀਆਂ ਨੇ ਇਸ ਨੂੰ ਹਵਨ ਸਮੱਗਰੀ ਦੀ ਰਾਖ ਦੱਸਿਆ ਹੈ ਅਤੇ ਪਾਣੀ ਨੂੰ ਗੰਦਾ ਕਰਨ ਲਈ ਪ੍ਰਸ਼ਾਸਨ ਕੋਲੋਂ ਮੁਆਫੀ ਵੀ ਮੰਗੀ ਹੈ ਅਤੇ ਅੱਗੇ ਤੋਂ ਅਜਿਹਾ ਕਰਨ ਤੋਂ ਤੌਬਾ ਵੀ ਕਰ ਲਈ ਹੈ ਪਰ ਕੀ ਉਕਤ ਵਿਅਕਤੀਆਂ ਦਾ ਚਾਰ ਲਾਈਨਾਂ ਦਾ ਮੁਆਫੀਨਾਮਾ ਉਨ੍ਹਾਂ 'ਤੇ ਭਾਰੀ ਪੈ ਜਾਵੇਗਾ? ਕੀ ਨਹਿਰ ਦਾ ਪਾਣੀ ਗੰਦਾ ਕਰਨ ਵਾਲਿਆਂ ਨੂੰ ਸਿਰਫ ਇੰਨੀ ਕੁ ਸਜ਼ਾ ਮਿਲੇਗੀ?
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸੰਜੀਵ ਜੈਨ ਤੇ ਰਾਜੀਵ ਜੈਨ ਨੇ ਇਸ 'ਤੇ ਸਫਾਈ ਦਿੰਦਿਆਂ ਕਿਹਾ ਹੈ ਕਿ 9 ਜੂਨ ਨੂੰ ਉਨ੍ਹਾਂ ਨੇ ਹਵਨ ਕਰਾਇਆ ਸੀ ਅਤੇ ਹਵਨ ਦੀ ਰਾਖ ਅਤੇ ਪੂਜਾ ਸਮੱਗਰੀ, ਨਾਰੀਅਲ ਆਦਿ ਪੰਡਿਤ ਦੇ ਕਹਿਣ 'ਤੇ ਉਨ੍ਹਾਂ ਨੇ ਨਹਿਰ 'ਚ ਜਲ ਪ੍ਰਵਾਹ ਕਰ ਦਿੱਤਾ, ਜੋ ਕਿ ਉਨ੍ਹਾਂ ਦੀ ਗਲਤੀ ਸੀ। ਦੋਹਾਂ ਭਰਾਵਾਂ ਨੇ ਕਿਹਾ ਕਿ ਉਹ ਆਪਣੀ ਗਲਤੀ ਲਈ ਸ਼ਰਮਿੰਦਾ ਹਨ। ਇਸ ਦੇ ਲਈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਮੁਆਫੀ ਵੀ ਮੰਗ ਲਈ ਹੈ ਪਰ ਸਵਾਲ ਇਹ ਹੈ ਕਿ ਆਖਰ ਕਦੋਂ ਤੱਕ ਮਾਫੀਆਂ ਦੇ ਨਾਂ 'ਤੇ ਵਾਤਾਵਰਣ ਨਾਲ ਛੇੜਛਾੜ ਨੂੰ ਅਣਦੇਖਿਆਂ ਕੀਤਾ ਜਾਂਦਾ ਰਹੇਗਾ। ਕਿੰਨੇ ਹੀ ਲੋਕ ਸਮੱਗਰੀ ਜਲ-ਪ੍ਰਵਾਹ ਦੇ ਨਾਂ 'ਤੇ ਬਿਆਸ ਦਰਿਆ ਅਤੇ ਸਿੱਧਵਾਂ ਨਹਿਰ ਜਾਂ ਫਿਰ ਹੋਰ ਪਾਣੀਆਂ ਨੂੰ ਦੂਸ਼ਿਤ ਕਰ ਰਹੇ ਹਨ। ਫਿਰ ਅਜਿਹੇ ਲੋਕਾਂ ਵਲੋਂ ਚਾਰ ਅੱਖਰਾਂ 'ਚ ਆਪਣੇ ਗੁਨਾਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਅਤੇ ਨਿਰੋਗ ਰੱਖਣਾ ਹੈ ਤਾਂ ਪਾਣੀਆਂ ਨੂੰ ਗੰਦਾ ਕਰਨ ਵਾਲੇ ਅਜਿਹੇ ਲੱਖਾਂ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਲੋੜ ਹੈ, ਤਾਂ ਜੋ ਇਸ ਤੋਂ ਦੂਜੇ ਲੋਕ ਵੀ ਸਬਕ ਲੈ ਸਕਣ।


Related News