ਬੇਗੋਵਾਲ ਕਤਲਕਾਂਡ ’ਚ ਲੋੜੀਂਦਾ ਗੈਂਗਸਟਰ ਸ਼ੇਰਾ ਤੇਲੰਗਾਨਾ ਤੋਂ ਗ੍ਰਿਫਤਾਰ
Friday, Jul 09, 2021 - 10:00 PM (IST)
ਬੇਗੋਵਾਲ/ਕਪੂਰਥਲਾ (ਰਜਿੰਦਰ, ਭੂਸ਼ਣ, ਮਹਾਜਨ)- ਕਪੂਰਥਲਾ ਪੁਲਸ ਨੇ ਬੇਗੋਵਾਲ ’ਚ 23 ਸਾਲਾ ਨੌਜਵਾਨ ਦੇ ਕਤਲ ਕੇਸ ’ਚ ਲੋੜੀਂਦੇ ਹੱਤਿਆਰਿਆਂ ਦਾ 20 ਦਿਨ ਲਗਾਤਾਰ 6 ਸੂਬਿਆਂ ’ਚ 1900 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਕਤਲ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਦੀ ਪਛਾਣ ਦਲਜੀਤ ਸਿੰਘ ਸ਼ੇਰਾ ਨਿਵਾਸੀ ਕਰਤਾਰਪੁਰ (ਜਲੰਧਰ) ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀ. ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨੂੰ ਪੁਲਸ ਟੀਮ ਨੇ ਤੇਲੰਗਾਨਾ ਦੇ ਸਾਈਬਰਬਾਦ ਤੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ 18 ਜੂਨ ਦੀ ਦੇਰ ਸ਼ਾਮ ਨੂੰ ਮੁਲਜ਼ਮ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇਕ 23 ਸਾਲਾ ਨੌਜਵਾਨ ਮੁਕੁਲ ਦੀ ਗੋਲੀ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਖੇਡ ਦੇ ਮੈਦਾਨ ਤੋਂ ਘਰ ਵਾਪਸ ਪਰਤ ਰਿਹਾ ਸੀ।
ਇਹ ਖਬਰ ਪੜ੍ਹੋ- ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ
ਉਨ੍ਹਾਂ ਕਿਹਾ ਕਿ ਮੁਲਜ਼ਮ ਆਪਣੇ ਗਿਰੋਹ ਦੇ ਇਕ ਮੈਂਬਰ ਦੀ ਹੱਤਿਆ ਦੇ ਮਾਮਲੇ ’ਚ ਮੁਕੁਲ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਕਰਦਾ ਸੀ। ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ’ਤੇ ਪੁਲਸ ਨੇ ਬੇਗੋਵਾਲ ਥਾਣੇ ਵਿਖੇ 4 ਗੈਂਗਸਟਰਾਂ ਦਲਜੀਤ ਸਿੰਘ ਸ਼ੇਰਾ, ਮੰਗਲ ਸਿੰਘ, ਲਵਲੀ ਤੇ ਪ੍ਰਿੰਸ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਕਤਲ ਤੋਂ ਕੁਝ ਦਿਨਾਂ ਬਾਅਦ ਮੁਲਜ਼ਮ ਗੈਂਗਸਟਰ ਦਲਜੀਤ ਸਿੰਘ ਸ਼ੇਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਤੇ ਆਪਣੇ ਫੇਸਬੁੱਕ ਅਕਾਊਂਟ ’ਤੇ ਇਸ ਬਾਰੇ ਇਕ ਪੋਸਟ ਲਿਖੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਹੱਤਿਆ ਦੇ ਦਿਨ ਤੋਂ ਹੀ ਮੁਲਜ਼ਮਾਂ ਦਾ ਤਕਨੀਕੀ ਤੌਰ ’ਤੇ ਪਿੱਛਾ ਕਰ ਰਹੀਆਂ ਸਨ ਪਰ ਸ਼ੇਰਾ ਲਗਾਤਾਰ ਵੱਖ-ਵੱਖ ਸੂਬਿਆਂ ਜਿਵੇਂ ਕਿ ਹਰਿਆਣਾ, ਯੂ. ਪੀ, ਬਿਹਾਰ, ਮਹਾਰਾਸ਼ਟਰ ਤੇ ਉੜੀਸਾ ’ਚ ਆਪਣੀ ਜਗ੍ਹਾ ਬਦਲ ਰਿਹਾ ਸੀ ਤੇ ਅਖੀਰ ਤੇਲੰਗਾਨਾ ’ਚ ਉਸ ਦੇ ਹੋਣ ਦਾ ਪੁਲਸ ਨੂੰ ਪਤਾ ਲੱਗ ਗਿਆ ਸੀ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਪੁਲਸ ਟੀਮਾਂ ਨੇ ਤੇਲੰਗਾਨਾ ’ਚ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਉਸ ਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੈ। ਪੁਲਸ ਟੀਮ ਮੁਲਜ਼ਮ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰੇਗੀ ਤੇ ਜਾਂਚ ਮੁਕੰਮਲ ਕਰਨ ’ਤੇ ਕਤਲ ਦੇ ਬਾਕੀ ਮੁਲਜ਼ਮਾਂ ਨੂੰ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਰਿਮਾਂਡ ਦੀ ਮੰਗ ਕਰੇਗੀ। ਉਨ੍ਹਾਂ ਦੱਸਿਆ ਕਿ ਮੁਕੁਲ ਦੀ ਹੱਤਿਆ ’ਚ ਵਰਤੇ ਗਏ ਹਥਿਆਰ ਵੀ ਤੇਲੰਗਾਨਾ ਪੁਲਸ ਵਲੋਂ ਜ਼ਬਤ ਕੀਤੇ ਜਾ ਚੁੱਕੇ ਹਨ।
ਇਹ ਖਬਰ ਪੜ੍ਹੋ- ਵਿਜੀਲੈਂਸ ਵੱਲੋਂ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਤੇ 1 ਹੋਰ ਕਰਮਚਾਰੀ ਰਿਸ਼ਵਤ ਲੈਂਦੇ ਕਾਬੂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।