ਅਮਰੀਕਾ ''ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ, ਹਾਦਸੇ ''ਚ ਇਕ ਦੀ ਮੌਤ

Friday, Feb 20, 2026 - 12:30 PM (IST)

ਅਮਰੀਕਾ ''ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ, ਹਾਦਸੇ ''ਚ ਇਕ ਦੀ ਮੌਤ

ਇੰਡੀਆਨਾਪੋਲਿਸ : ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਲਾਪਰਵਾਹੀ ਨਾਲ ਟਰੱਕ ਚਲਾਉਣ ਅਤੇ ਇੱਕ ਭਿਆਨਕ ਸੜਕ ਹਾਦਸਾ ਅੰਜਾਮ ਦੇਣ ਦੇ ਮਾਮਲੇ ਵਿੱਚ ਸਥਾਨਕ ਪੁਲਸ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਸੁਖਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੁਖਦਾਈ ਹਾਦਸੇ ਵਿੱਚ ਇੱਕ 64 ਸਾਲਾ ਅਮਰੀਕੀ ਨਾਗਰਿਕ ਟੈਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਇਹ ਹਾਦਸਾ ਇੰਡੀਆਨਾਪੋਲਿਸ ਦੇ ਪੱਛਮ ਵਿੱਚ ਸਥਿਤ ਹੇਂਡਰਿਕਸ ਕਾਉਂਟੀ ਵਿੱਚ ਬੁੱਧਵਾਰ ਦੁਪਹਿਰ ਕਰੀਬ 12 ਵਜੇ ਵਾਪਰਿਆ। ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ, ਸੁਖਦੀਪ ਸਿੰਘ ਨੇ ਆਪਣੇ ਸੈਮੀ-ਟਰੱਕ ਨਾਲ ਲਾਲ ਬੱਤੀ (ਰੈੱਡ ਲਾਈਟ) ਜੰਪ ਕੀਤੀ, ਜਿਸ ਕਾਰਨ ਉਸ ਦੇ ਟਰੱਕ ਦੀ ਟੱਕਰ ਤਿੰਨ ਵਾਹਨਾਂ ਨਾਲ ਹੋ ਗਈ। ਇਸ ਟੱਕਰ ਵਿੱਚ ਇੱਕ ਚਿੱਟਾ ਪਿਕਅੱਪ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਦੇ ਡਰਾਈਵਰ ਟੈਰੀ ਦੀ ਜਾਨ ਚਲੀ ਗਈ।

ਹਾਦਸੇ ਤੋਂ ਬਾਅਦ ਹੋਈ ਪੜਤਾਲ ਵਿੱਚ ਇਹ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਸੁਖਦੀਪ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਸੁਖਦੀਪ 2018 ਵਿੱਚ ਗੈਰ-ਕਾਨੂੰਨੀ ਰਸਤੇ ਰਾਹੀਂ ਅਮਰੀਕਾ ਦਾਖਲ ਹੋਇਆ ਸੀ ਅਤੇ ਉਦੋਂ ਫੜਿਆ ਵੀ ਗਿਆ ਸੀ। ਹਾਲਾਂਕਿ, ਉਸ ਸਮੇਂ ਨਾਬਾਲਗ ਹੋਣ ਕਾਰਨ ਉਸ ਨੂੰ 'ਫਲੋਰਸ ਕੰਸੈਂਟ ਡਿਕਰੀ' ਤਹਿਤ ਉਸਦੇ ਰਿਸ਼ਤੇਦਾਰਾਂ ਦੇ ਹਵਾਲੇ ਕਰਕੇ ਛੱਡ ਦਿੱਤਾ ਗਿਆ ਸੀ। ਫਿਲਹਾਲ ਉਹ 'ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ' (ICE) ਦੀ ਹਿਰਾਸਤ ਵਿੱਚ ਹੈ।

ਸੁਖਦੀਪ ਸਿੰਘ ਦਾ ਪਿਛਲਾ ਡਰਾਈਵਿੰਗ ਰਿਕਾਰਡ ਵੀ ਕਾਫੀ ਖਰਾਬ ਰਿਹਾ ਹੈ। ਉਸ ਦੇ ਨਾਮ 'ਤੇ ਓਵਰਸਪੀਡਿੰਗ ਦੇ ਤਿੰਨ ਚਾਲਾਨ ਦਰਜ ਹਨ, ਜਿਨ੍ਹਾਂ ਵਿੱਚ ਉਸਨੇ ਨਿਰਧਾਰਤ ਸੀਮਾ ਤੋਂ ਕਿਤੇ ਵੱਧ ਰਫਤਾਰ ਨਾਲ ਗੱਡੀ ਚਲਾਈ ਸੀ। ਇਸੇ ਸਾਲ 8 ਜਨਵਰੀ ਨੂੰ ਇੱਕ ਕਾਰ ਹਾਦਸੇ ਤੋਂ ਬਾਅਦ ਵੀ ਉਸਦਾ ਚਾਲਾਨ ਕੱਟਿਆ ਗਿਆ ਸੀ ਕਿਉਂਕਿ ਉਸ ਕੋਲ ਬੀਮਾ ਅਤੇ ਵੈਧ ਰਜਿਸਟ੍ਰੇਸ਼ਨ ਨਹੀਂ ਸੀ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀ ਹੋਣ ਦੇ ਬਾਵਜੂਦ ਉਸ ਨੇ 2025 ਵਿੱਚ 'ਨਾਨ-ਡੋਮੀਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ' (CDL) ਕਿਵੇਂ ਹਾਸਲ ਕੀਤਾ। ਅਧਿਕਾਰੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਉਸ ਨੇ ਗਲਤ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (DHS) ਅਨੁਸਾਰ, ਪਿਛਲੇ 15 ਦਿਨਾਂ ਵਿੱਚ ਇਹ ਅਜਿਹੀ ਦੂਜੀ ਘਟਨਾ ਹੈ ਜਿੱਥੇ ਕਿਸੇ ਗੈਰ-ਕਾਨੂੰਨੀ ਪ੍ਰਵਾਸੀ ਡਰਾਈਵਰ ਕਾਰਨ ਕਿਸੇ ਨਿਰਦੋਸ਼ ਦੀ ਜਾਨ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਜਾਂ ਅੰਗਰੇਜ਼ੀ ਦੀ ਸਹੀ ਜਾਣਕਾਰੀ ਨਹੀਂ ਹੁੰਦੀ, ਜੋ ਸੜਕਾਂ 'ਤੇ ਵੱਡੇ ਖਤਰੇ ਦਾ ਕਾਰਨ ਬਣ ਰਹੇ ਹਨ।


author

DILSHER

Content Editor

Related News