ਪੰਜਾਬ ’ਚ 'ਜੰਗਲ ਰਾਜ'! ਮਜੀਠੀਆ ਨੇ ਸਰਪੰਚ ਕਤਲਕਾਂਡ ਲਈ 'ਆਪ' ਸਰਕਾਰ ਤੇ DGP ਨੂੰ ਠਹਿਰਾਇਆ ਜ਼ਿੰਮੇਵਾਰ

Thursday, Feb 19, 2026 - 07:24 PM (IST)

ਪੰਜਾਬ ’ਚ 'ਜੰਗਲ ਰਾਜ'! ਮਜੀਠੀਆ ਨੇ ਸਰਪੰਚ ਕਤਲਕਾਂਡ ਲਈ 'ਆਪ' ਸਰਕਾਰ ਤੇ DGP ਨੂੰ ਠਹਿਰਾਇਆ ਜ਼ਿੰਮੇਵਾਰ

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਤਰਨਤਾਰਨ ਵਿੱਚ ਸਰਪੰਚ ਦੇ ਕਤਲ ਦੌਰਾਨ ਜ਼ਖਮੀ ਹੋਏ ਨੌਜਵਾਨ ਜਰਮਨ ਸਿੰਘ ਦਾ ਹਾਲ-ਚਾਲ ਪੁੱਛਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਤਿੱਖੇ ਸਵਾਲ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਪੰਜਾਬ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ।

ਮਜੀਠੀਆ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਕਤਲਕਾਂਡ ਤਰਨਤਾਰਨ ਦੇ ਉਸ ਇਲਾਕੇ ਵਿੱਚ ਹੋਇਆ ਜੋ ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਮਹਿਜ਼ 150 ਮੀਟਰ ਦੀ ਦੂਰੀ 'ਤੇ ਸੀ.ਆਈ.ਏ. ਸਟਾਫ਼, ਐਸ.ਐਸ.ਪੀ. ਅਤੇ ਡੀ.ਸੀ. ਦੀ ਰਿਹਾਇਸ਼ ਹੈ ਅਤੇ ਨੇੜੇ ਹੀ ਕੋਰਟ ਕੰਪਲੈਕਸ ਹੈ ਜਿੱਥੇ ਕਈ ਜੱਜ ਸਾਹਿਬਾਨ ਰਹਿੰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਅਜਿਹੀ ਜਗ੍ਹਾ 'ਤੇ ਦਿਨ-ਦਿਹਾੜੇ ਏ.ਕੇ.-47 ਵਰਗੇ ਖ਼ਤਰਨਾਕ ਹਥਿਆਰਾਂ ਨਾਲ ਗੋਲੀਆਂ ਚੱਲ ਸਕਦੀਆਂ ਹਨ, ਤਾਂ ਆਮ ਲੋਕ ਕਿੱਥੇ ਸੁਰੱਖਿਅਤ ਹਨ।

ਮਜੀਠੀਆ ਨੇ ਦੱਸਿਆ ਕਿ ਗੈਂਗਸਟਰ ਲੰਡਾ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਪਰਿਵਾਰ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੇ ਮੁੱਖ ਗਵਾਹ ਜਰਮਨ ਸਿੰਘ ਅਤੇ ਮ੍ਰਿਤਕ ਸਰਪੰਚ ਹਰਪਿੰਦਰ ਸਿੰਘ ਦੇ ਪੂਰੇ ਪਰਿਵਾਰ ਨੂੰ ਤੁਰੰਤ ਪੁਖ਼ਤਾ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਨਸਾਫ਼ ਦੇਣ ਦੀ ਬਜਾਏ ਪਰਿਵਾਰ 'ਤੇ ਜਲਦ ਸਸਕਾਰ ਕਰਨ ਲਈ ਦਬਾਅ ਬਣਾ ਰਹੀ ਸੀ।

ਅਕਾਲੀ ਆਗੂ ਨੇ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਨੂੰ ਪੂਰੀ ਤਰ੍ਹਾਂ ਫੇਲ੍ਹ ਦੱਸਦਿਆਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ ਹੋ ਰਹੇ ਹਨ। ਉਨ੍ਹਾਂ ਡੀ.ਐਸ.ਪੀ. ਜਾਂ ਥਾਣੇਦਾਰ ਨੂੰ ਮੁਅੱਤਲ ਕਰਨ ਦੀ ਕਾਰਵਾਈ ਨੂੰ ਮਹਿਜ਼ 'ਅੱਖਾਂ ਵਿੱਚ ਘੱਟਾ ਪਾਉਣ' ਵਾਲੀ ਗੱਲ ਦੱਸਿਆ ਅਤੇ ਮੰਗ ਕੀਤੀ ਕਿ ਇਸ ਦੀ ਕੇਂਦਰੀ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪ੍ਰਸ਼ਾਸਨ ਵਿੱਚ ਮੌਜੂਦ 'ਕਾਲੀਆਂ ਭੇਡਾਂ' ਦਾ ਪਰਦਾਫਾਸ਼ ਹੋ ਸਕੇ। ਉਨ੍ਹਾਂ ਕਿਹਾ ਕਿ ਜਦੋਂ ਡੀ.ਜੀ.ਪੀ. ਅਤੇ ਚੀਫ਼ ਸੈਕਟਰੀ ਸਿਆਸੀ ਪ੍ਰੋਗਰਾਮਾਂ ਦਾ ਹਿੱਸਾ ਬਣ ਜਾਣ, ਤਾਂ ਕਾਨੂੰਨ ਵਿਵਸਥਾ ਰੱਬ ਆਸਰੇ ਹੀ ਹੁੰਦੀ ਹੈ।


author

Rakesh

Content Editor

Related News