ਮੌਸਮ ਦੇ ਬਦਲਦੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤੇ
Thursday, Apr 18, 2019 - 03:54 AM (IST)

ਸੰਗਰੂਰ (ਰਵਿੰਦਰ)-ਮੰਗਲਵਾਰ ਤੋਂ ਅਚਾਨਕ ਮੌਸਮ ਦੇ ਬਦਲਦੇ ਮਿਜਾਜ਼ ਨੇ ਕਿਸਾਨਾਂ ਦੇ ਇਕ ਤਰ੍ਹਾਂ ਨਾਲ ਸਾਹ ਸੂਤ ਦਿੱਤੇ ਹਨ। ਅਚਾਨਕ ਮੌਸਮ ਦੇ ਬਦਲਦੇ ਮਿਜਾਜ਼ ਨੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਤੇਜ਼ ਹਵਾਵਾਂ ਨੇ ਪੱਕੀ ਕਣਕ ਨੂੰ ਖੇਤਾਂ ’ਚ ਕਾਫੀ ਹੱਦ ਤੱਕ ਵਿਛਾ ਦਿੱਤਾ ਹੈ। ਕਿਸਾਨਾਂ ਵੱਲੋਂ ਇਸ ਮੀਂਹ ਤੋਂ ਪਹਿਲਾਂ ਜੋ ਕਣਕ ਨੂੰ ਪਾਣੀ ਲਾ ਦਿੱਤਾ ਸੀ ਉਨ੍ਹਾਂ ਦਾ ਤੇਜ਼ ਹਵਾਵਾਂ ਨੇ ਜ਼ਿਆਦਾ ਨੁਕਸਾਨ ਕੀਤਾ ਹੈ। ਇਲਾਕੇ ਭਰ ’ਚ ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼ ਨੇ ਜਿੱਥੇ ਕਣਕ ਦੀ ਕਟਾਈ ਲੇਟ ਕਰ ਦਿੱਤੀ ਹੈ, ਉਥੇ ਕਣਕ ਦੇ ਡਿੱਗਣ ਨਾਲ ਟੁੱਟੇ ਨਾਡ਼ ਕਰਕੇ ਪੱਕਣ ’ਚ ਰੁਕਾਵਟ ਪਈ ਹੈ। ਪੱਕੇ ਝਾਡ਼ ਦੇ ਘਟਣ ਦੀ ਸ਼ੰਕਾ ਪੈਦਾ ਹੋ ਗਈ ਹੈ। ਬੱਲੀਆਂ ’ਚੋਂ ਕਣਕ ਦੇ ਦਾਣਿਆਂ ਦਾ ਖੇਤ ’ਚ ਵਾਧਾ ਹੋ ਜਾਂਦਾ ਹੈ, ਜਿਸ ਕਾਰਨ ਝਾਡ਼ ਘੱਟ ਹੋ ਜਾਂਦਾ ਹੈ। ਬਿਜਲੀ ਦੇ ਚਮਕਣ ਨਾਲ ਛੋਲਿਆਂ, ਮਟਰਾਂ ਦੀ ਖੇਤੀ ਅਤੇ ਹੋਰ ਫਸਲਾਂ ਦਾ ਵਾਧਾ ਬਿਜਲੀ ਦੀ ਚਮਕ ਕਾਰਨ ਰੁਕ ਜਾਂਦਾ ਹੈ। ਮੌਸਮ ਦੇ ਇਸ ਵਰਤਾਰੇ ਨੇ ਹਰ ਵਰਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਕਿਉਂਕਿ ਫਸਲ ਦੇ ਝਾਡ਼ ਉਪਰ ਹੀ ਕਾਫੀ ਕਾਰੋਬਾਰ ਨਿਰਭਰ ਹਨ। ਕਿਸਾਨਾਂ ਦੀ ਫਸਲ ਦਾ ਝਾਡ਼ ਵਧਣ ਨਾਲ ਹੀ ਮਾਰਕੀਟ ਵਿਚ ਪੈਸੇ ਦਾ ਪਸਾਰਾ ਵੱਧ ਹੋਣ ਨਾਲ ਕਾਰੋਬਾਰ ਚਮਕਦੇ ਹਨ। ਮੌਸਮ ਦੇ ਬਦਲੇ ਮਿਜਾਜ਼ ਤੋਂ ਕਿਸਾਨ ਇਸ ਕਰਕੇ ਵੀ ਵੱਧ ਚਿੰਤਤ ਹਨ ਕਿਉਂਕਿ ਜ਼ਿਆਦਾਤਰ ਜ਼ਮੀਨਾਂ ਠੇਕੇ ’ਤੇ ਲੈ ਕੇ ਖੇਤੀ ਕਰ ਰਹੇ ਹਨ। ਜ਼ਮੀਨਾਂ ਦੇ ਠੇਕੇ ਦੇ ਨਾਲ ਫਸਲ ਪੈਦਾ ਕਰਨ ਦੇ ਖਰਚੇ ਵੀ ਬਹੁਤ ਪੈ ਜਾਂਦੇ ਹਨ। ਜੇਕਰ ਫਸਲ ਦਾ ਪੂਰਾ ਝਾਡ਼ ਨਹੀਂ ਨਿਕਲਦਾ ਤਾਂ ਕਿਸਾਨ ਦੀ ਆਰਥਕ ਹਾਲਤ ਵਿਗਡ਼ਨਾ ਸੁਭਾਵਿਕ ਹੈ। ਇਲਾਕੇ ਦੇ ਜ਼ਿਆਦਾਤਰ ਕਿਸਾਨਾਂ ਦਾ ਇਹੋ ਕਹਿਣਾ ਹੈ ਕਿ ਰੱਬ ਜੀ ਹੱਥ ਬਨ੍ਹਾ ਲਵੋ ਮੌਸਮ ਕਣਕ ਦੀਆਂ ਫਸਲਾਂ ਲਈ ਕਾਰਗਰ ਬਣਾ ਕੇ ਸਾਡੇ ਉਪਰ ਰਹਿਮਤਾਂ ਦੀ ਵਰਖਾ ਕਰੋ, ਨਾ ਕਿ ਹਵਾਵਾਂ ਨਾਲ ਤੇਜ਼ ਵਰਖਾ ਦੀ ਮਾਰ ਸਾਡੀਆਂ ਫਸਲਾਂ ਉਪਰ ਪਾਵੋ।