ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਦਾ ਵਿਕਾਸ ਕਰਵਾਉਣ ’ਚ ਨਾਕਾਮ : ਸੁਖਬੀਰ ਬਾਦਲ
Sunday, Mar 24, 2019 - 03:47 AM (IST)

ਸੰਗਰੂਰ (ਸੰਜੀਵ ਜੈਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਕੰਮੀ ਤੇ ਫੇਲ ਸਰਕਾਰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਦੋ ਸਾਲ ਦੇ ਕਾਰਜਕਾਲ ਵਿਚ ਸੂਬੇ ਦਾ ਵਿਕਾਸ ਕਰਵਾਉਣ ’ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਉਨ੍ਹਾਂ ਇਹ ਵਿਚਾਰ ਲੰਘੇ ਦਿਨ ਸਥਾਨਕ ਇਕ ਪੈਲਸ ਵਿਖੇ ਵਰਕਰਾਂ ਨਾਲ ਕੀਤੀ ਇਕ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਲਹਿਰਾਗਾਗਾ ਤੋਂ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਪਾਰਟੀ ਦੇ ਧੂਰੀ ਤੋਂ ਹਲਕਾ ਇੰਚਾਰਜ਼ ਹਰੀ ਸਿੰਘ ਐੱਮ. ਡੀ. ਪ੍ਰੀਤ ਕੰਬਾਇਨ ਵੀ ਮੌਜੂਦ ਸਨ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ’ਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਚੋਣਾਂ ’ਚ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫਡ਼੍ਹਕੇ ਨਸ਼ਿਆਂ ਨੂੰ ਖਤਮ ਕਰਨ ਦੀ ਝੂਠੀ ਸਹੁੰ ਖਾਣ ਵਾਲੇ ਕੈਪਟਨ ਸਾਹਿਬ ਸੱਤਾ ’ਚ ਆਉਣ ਤੋਂ ਬਾਅਦ ਨਾ ਨਸ਼ੇ ਖਤਮ ਕਰ ਸਕੇ ਅਤੇ ਨਾ ਹੀ ਕਿਸਾਨਾਂ ਦੇ ਕਰਜ਼ੇ ਹੀ ਮੁਆਫ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਜਿਹਡ਼ਾ ਸਹੁੰ ਚੁੱਕਕੇ ਗੁਰੂ ਨਾਲ ਧੋਖਾ ਕਰ ਸਕਦਾ ਹੈ, ਉਹ ਭਲਾ ਲੋਕਾਂ ਦਾ ਕੀ ਬਣੇਗਾ। ਇਸ ਉਪਰੰਤ ਵਰਕਰ ਮੀਟਿੰਗ ’ਚ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਦਲਿਤਾਂ ਦਾ ਦਰਦ ਸਿਰਫ ਅਕਾਲੀ ਦਲ ਹੀ ਸਮਝ ਸਕਦਾ ਹੈ ਅਤੇ ਅਕਾਲੀ ਦਲ ਕਿਸੇ ਦੀ ਜਾਗੀਰ ਨਹੀਂ, ਸਗੋਂ ਵਰਕਰਾਂ ਦਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਮੀਤ ਪ੍ਰਧਾਨ ਰਾਜਿੰਦਰ ਸਿੰਘ ਕਾਂਝਲਾ, ਐੱਸ. ਜੀ. ਪੀ. ਸੀ. ਦੇ ਅੰਤ੍ਰਿਗ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ, ਐਡਵੋਕੇਟ ਜਤਿੰਦਰ ਸਿੰਘ ਸੋਨੀ ਮੰਡੇਰ, ਤਵਿੰਦਰ ਸਿੰਘ ਮਿੰਟੂ, ਦਲਿਤ ਆਗੂ ਵਿੱਕੀ ਪਰੋਚਾ, ਐੱਮ. ਸੀ. ਅਜੇ ਪਰੋਚਾ, ਗੁਰਮੇਲ ਸਿੰਘ ਕਾਂਝਲਾ, ਜਸਦੇਵ ਸਿੰਘ ਜੱਸਾ, ਮਲਕੀਤ ਸਿੰਘ ਮਾਧੋ, ਪਰਮਜੀਤ ਸਿੰਘ ਪੰਮਾ, ਮਨਵਿੰਦਰ ਸਿੰਘ ਬਿੰਨਰ, ਗੁਰਕੰਵਲ ਸਿੰਘ ਕੋਹਲੀ, ਭਾਜਪਾ ਆਗੂਆਂ ’ਚ ਬਰਜੇਸ਼ਵਰ ਗੋਇਲ, ਪ੍ਰਦੀਪ ਗਰਗ, ਕਮਲਜੀਤ ਗਰਗ ਅਤੇ ਭੂਪੇਸ਼ ਜਿੰਦਲ ਆਦਿ ਵੀ ਮੌਜੂਦ ਸਨ।