ਪੰਜਾਬ: ਹੋਟਲ ਦੇ ਕਮਰੇ ''ਚੋਂ 40 ਸਾਲਾ ਔਰਤ ਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼! ਜਾਣੋ ਕਿਹੜੀ ''ਗ਼ਲਤੀ'' ਬਣੀ ''ਕਾਲ''

Sunday, Dec 07, 2025 - 07:07 PM (IST)

ਪੰਜਾਬ: ਹੋਟਲ ਦੇ ਕਮਰੇ ''ਚੋਂ 40 ਸਾਲਾ ਔਰਤ ਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼! ਜਾਣੋ ਕਿਹੜੀ ''ਗ਼ਲਤੀ'' ਬਣੀ ''ਕਾਲ''

ਭਵਾਨੀਗੜ੍ਹ (ਵਿਕਾਸ ਮਿੱਤਲ)- ਬਾਲਦ ਕੈਂਚੀਆਂ ਵਿਖੇ ਇਕ ਹੋਟਲ ਦੇ ਬੰਦ ਕਮਰੇ 'ਚੋਂ ਇਕ ਨੌਜਵਾਨ ਤੇ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ। ਪੁਲਸ ਅਨੁਸਾਰ ਬੰਦ ਕਮਰੇ ਅੰਦਰ ਜਲਾਈ ਕੋਲੇ ਦੀ ਅੰਗੀਠੀ ਕਾਰਨ ਦਮ ਘੁੱਟਣ ਨਾਲ ਉਕਤ ਦੋਵਾਂ ਦੀ ਮੌਤ ਹੋਈ ਹੈ।

ਜਾਣਕਾਰੀ ਦਿੰਦਿਆਂ ਏਐਸਆਈ ਬਲਬੀਰ ਸਿੰਘ ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ 27 ਸਾਲਾ ਮਾਮੂ ਉਰਫ਼ ਮਨਜੀਤ ਸਿੰਘ ਵਾਸੀ ਪਿੰਡ ਫੱਗੂਵਾਲਾ ਅਤੇ ਔਰਤ ਦੀ ਪਛਾਣ 40 ਸਾਲਾ ਮਨਜੀਤ ਕੌਰ ਵਾਸੀ ਪਿੰਡ ਰਾਏਸਿੰਘਵਾਲਾ ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੋਵੇਂ ਜਣੇ ਇਕੱਠੇ ਵਿਆਹਾਂ ਸ਼ਾਦੀਆਂ ਵਿਚ ਲੇਬਰ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਪਿਛਲੇ ਕਈ ਦਿਨਾਂ ਤੋਂ ਬਾਲਦ ਕੈਂਚੀਆਂ ਭਵਾਨੀਗੜ੍ਹ ਵਿਖੇ ਸਥਿਤ ਹਨੀ ਕਲਾਸਿਕ ਹੋਟਲ ਵਿਚ ਕੰਮ ਕਰ ਰਹੇ ਸਨ ਤੇ ਉੱਥੇ ਹੀ ਰਹਿ ਰਹੇ ਸਨ ਤਾਂ ਇਸ ਦੌਰਾਨ ਸ਼ੁੱਕਰਵਾਰ ਦੀ ਰਾਤ ਉਕਤ ਦੋਵੇੰ ਜਣੇ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਬਣੇ ਇਕ ਕਮਰੇ ਵਿਚ ਸੌਣ ਲਈ ਚਲੇ ਗਏ ਜਿੱਥੇ ਉਹ ਠੰਡ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਜਲਾ ਕੇ ਸੌਂ ਗਏ। 

ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੇ ਦਿਨ ਹੋਟਲ ਮਾਲਕ ਦੇ ਘਰ ਵਿਆਹ ਸਮਾਗਮ ਸੀ ਜਿਸਦੇ ਚੱਲਦਿਆਂ ਮਾਲਕ ਤੇ ਹੋਟਲ ਦਾ ਸਟਾਫ਼ ਰੁੱਝਿਆ ਹੋਇਆ ਸੀ। ਇਸ ਦੌਰਾਨ ਸ਼ਨੀਵਾਰ ਦੁਪਹਿਰ ਹੋਟਲ ਦਾ ਮਾਲਕ ਜਦੋੰ ਕੁਝ ਸਮਾਨ ਲੈਣ ਲਈ ਹੋਟਲ ਆਇਆ ਤਾਂ ਉਸ ਨੇ ਦੇਖਿਆ ਕਿ ਉਪਰ ਵਾਲਾ ਕਮਰਾ ਅੰਦਰੋਂ ਬੰਦ ਪਿਆ ਸੀ ਤੇ ਉਸ ਨੇ ਖਿੜਕੀ 'ਚੋਂ ਦੇਖਿਆ ਕਿ ਉਕਤ ਮਾਮੂ ਤੇ ਔਰਤ ਮਨਜੀਤ ਕੌਰ ਆਪਣੇ-ਆਪਣੇ ਬਿਸਤਰ 'ਤੇ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ ਜਿਸ ਬਾਰੇ ਤੁਰੰਤ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਨੌਜਵਾਨ ਤੇ ਔਰਤ ਦੇ ਪਰਿਵਾਰਾਂ ਦੀ ਮੌਜੂਦਗੀ ਵਿਚ ਕਮਰੇ ਦਾ ਦਰਵਾਜ਼ਾ ਤੋੜਿਆ ਅਤੇ ਅੰਦਰ ਜਾ ਕੇ ਦੇਖਿਆ ਕਿ ਨੌਜਵਾਨ ਤੇ ਔਰਤ ਦਮ ਤੋੜ ਚੁੱਕੇ ਸਨ। ਇਸ ਤੋੰ ਇਲਾਵਾ ਕਮਰੇ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਸਨ ਤੇ ਕਮਰੇ ਵਿਚ ਇੱਕ ਬੁਝੀ ਹੋਈ ਕੋਲੇ ਦੀ ਅੰਗੀਠੀ ਪਈ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਬੰਦ ਕਮਰੇ ਵਿਚ ਅੰਗੀਠੀ ਤੋਂ ਪੈਦਾ ਹੋਈ ਗੈਸ ਕਾਰਨ ਦਮ ਘੁੱਟਣ ਨਾਲ ਦੋਵਾਂ ਦੀ ਮੌਤ ਹੋਈ ਹੈ। ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈੰਬਰਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਹੈ।
 


author

Anmol Tagra

Content Editor

Related News