ਅਸਲਾ ਧਾਰਕਾਂ ਨੂੰ ਤੁਰੰਤ ਹਥਿਆਰ ਜਮ੍ਹਾ ਕਰਵਾਉਣ ਦੀ ਹਦਾਇਤ

Saturday, Mar 16, 2019 - 04:15 AM (IST)

ਅਸਲਾ ਧਾਰਕਾਂ ਨੂੰ ਤੁਰੰਤ ਹਥਿਆਰ ਜਮ੍ਹਾ ਕਰਵਾਉਣ ਦੀ ਹਦਾਇਤ
ਸੰਗਰੂਰ (ਅਨੀਸ਼)-ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਪੁਲਸ ਪ੍ਰਸ਼ਾਸਨ ਨੇ ਚੋਣ ਜ਼ਾਬਤੇ ਨੂੰ ਨਿਰਪੱਖਤਾ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਅਮਲੀਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਸਬ-ਡਵੀਜ਼ਨ ਧੂਰੀ ਦੇ ਡੀ.ਐੱਸ.ਪੀ. ਮੋਹਿਤ ਅਗਰਵਾਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਸਬ-ਡਵੀਜ਼ਨ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਅਸਲਾ ਧਾਰਕਾਂ ਨੂੰ ਆਪਣੇ ਹਥਿਆਰ ਪੁਲਸ ਥਾਣੇ ਵਿਚ ਜਾਂ ਅਸਲਾ ਡੀਲਰਾਂ ਪਾਸ ਜਮ੍ਹਾ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹਥਿਆਰ ਜਮ੍ਹਾ ਨਾ ਕਰਵਾਉਣ ’ਤੇ ਅਸਲਾ ਧਾਰਕ ਦਾ ਲਾਇਸੈਂਸ ਰੱਦ ਕਰ ਕੇ ਹਥਿਆਰ ਜ਼ਬਤ ਕੀਤੇ ਜਾ ਸਕਦੇ ਹਨ। ਸ਼੍ਰੀ ਅਗਰਵਾਲ ਨੇ ਦੱਸਿਆ ਕਿ ਹਥਿਆਰ ਜਮ੍ਹਾ ਕਰਵਾਉਣ ਸਬੰਧੀ ਪੂਰੇ ਇਲਾਕੇ ’ਚ ਜਨਤਕ ਅਨਾਊਂਸਮੈਂਟ ਕਰਵਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਸਮੱਗਲਿੰਗ, ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਨੂੰ ਸਖ਼ਤੀ ਨਾਲ ਰੋਕਣ ਲਈ ਪੂਰੇ ਇਲਾਕੇ ’ਚ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਗਸ਼ਤ ਵਧਾ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਸ਼ੱਕੀ ਅਨਸਰਾਂ ਦੀਆਂ ਗਤੀਵਿਧੀਆਂ ਬਾਰੇ ਪੁਲਸ ਨੂੰ ਸਮੇਂ ਸਿਰ ਇਤਲਾਹ ਦੇਣ ਲਈ ਕਿਹਾ। ਉਨ੍ਹਾਂ ਪੁਲਸ ਕਰਮਚਾਰੀਆਂ ਨੂੰ ਆਵਾਜਾਈ ਦੇ ਨਿਯਮ ਤੋਡ਼ਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੀ ਹਦਾਇਤ ਕੀਤੀ। ਇਸ ਮੌਕੇ ਥਾਣਾ ਸ਼ੇਰਪੁਰ ਦੇ ਮੁਖੀ ਜਸਵੀਰ ਸਿੰਘ ਤੂਰ ਅਤੇ ਰੀਡਰ ਜਸਵੀਰ ਸਿੰਘ ਵੀ ਮੌਜੂਦ ਸਨ।

Related News