ਟੈਂਪੂ ''ਚ ਫਲੈਕਸ ਬੋਰਡ ਲਿਜਾਂਦਾ ਨੌਜਵਾਨ ਹਾਈ ਟੈਂਸ਼ਨ ਲਾਈਨ ਦੀ ਲਪੇਟ ''ਚ ਆਇਆ, ਦਰਦਨਾਕ ਮੌਤ

Tuesday, Dec 09, 2025 - 06:06 PM (IST)

ਟੈਂਪੂ ''ਚ ਫਲੈਕਸ ਬੋਰਡ ਲਿਜਾਂਦਾ ਨੌਜਵਾਨ ਹਾਈ ਟੈਂਸ਼ਨ ਲਾਈਨ ਦੀ ਲਪੇਟ ''ਚ ਆਇਆ, ਦਰਦਨਾਕ ਮੌਤ

ਭਵਾਨੀਗੜ੍ਹ (ਵਿਕਾਸ ਮਿੱਤਲ) : ਭਵਾਨੀਗੜ੍ਹ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਰਾਏਸਿੰਘ ਵਾਲਾ ਵਿਚ ਹਾਈ ਟੈਂਸ਼ਨ ਲਾਈਨ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਦੁਖਦਾਈ ਘਟਨਾ ਐਤਵਾਰ ਦੇਰ ਸ਼ਾਮ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਛੋਟੇ ਹਾਥੀ (ਟੈਂਪੂ) ਵਿਚ ਫਲੈਕਸ ਬੋਰਡ ਲੈ ਕੇ ਜਾ ਰਿਹਾ ਸੀ। ਇਸ ਸਬੰਧੀ ਮ੍ਰਿਤਕ ਦੇ ਤਾਇਆ ਸਾਬਰ ਖਾਨ ਵਾਸੀ ਰਾਏਸਿੰਘ ਵਾਲਾ ਨੇ ਦੱਸਿਆ ਕਿ ਉਸਦਾ 18 ਸਾਲਾ ਭਤੀਜਾ ਰਿਕਾਜ਼ ਖਾਨ ਪੁੱਤਰ ਸਫੀ ਖਾਨ ਪਿਛਲੇ ਕੁਝ ਸਮੇਂ ਤੋਂ ਭਵਾਨੀਗੜ੍ਹ ਵਿਖੇ ਇਕ ਫਲੈਕਸ ਬੋਰਡ ਪ੍ਰਿੰਟਰ ਕਰਨ ਵਾਲੀ ਦੁਕਾਨ 'ਤੇ ਕੰਮ ਕਰ ਰਿਹਾ ਸੀ। ਕੱਲ੍ਹ ਦੇਰ ਸ਼ਾਮ ਕੰਮ ਤੋਂ ਬਾਅਦ ਰਿਕਾਜ਼ ਖਾਨ ਤੇ ਉਸਦਾ ਸਾਥੀ ਛੋਟੇ ਹਾਥੀ ਵਿਚ ਵੱਡੇ ਫਲੈਕਸ ਬੋਰਡ ਲੈ ਕੇ ਪਿੰਡ ਵਾਪਸ ਆ ਰਹੇ ਸਨ। ਰਿਕਾਜ਼ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਸੀ। 

ਸਾਬਰ ਖਾਨ ਨੇ ਦੱਸਿਆ ਕਿ ਇਸ ਦੌਰਾਨ ਘਰ ਦੇ ਨੇੜੇ ਗਲੀ ਦੇ ਮੋੜ 'ਤੇ ਇਕ ਲੋਹੇ ਦਾ ਫਲੈਕਸ ਫਰੇਮ ਬਿਜਲੀ ਦੇ ਟ੍ਰਾਂਸਫਾਰਮਰ ਵਿਚ ਫਸ ਗਿਆ ਤੇ ਜਿਵੇਂ ਹੀ ਰਿਕਾਜ਼ ਖਾਨ ਦੇਖਣ ਲਈ ਟੈਂਪੂ 'ਚੋਂ ਹੇਠਾਂ ਉਤਰਿਆ ਤਾਂ ਟ੍ਰਾਂਸਫਾਰਮਰ ਤੋਂ 11000 ਕੇਵੀ ਹਾਈ-ਟੈਂਸ਼ਨ ਲਾਈਨ ਤੋਂ ਉਸਨੂੰ ਜ਼ੋਰਦਾਰ ਕਰੰਟ ਲੱਗ ਗਿਆ ਜਦੋਂਕਿ ਟੈਂਪੂ ਚਾਲਕ ਵਾਲ-ਵਾਲ ਬਚ ਗਿਆ। ਲੋਕਾਂ ਨੇ ਕਰੰਟ ਨਾਲ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਰਿਕਾਜ਼ ਖਾਨ ਦੀ ਮੌਤ ਹੋ ਗਈ। ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਬਿਜਲੀ ਦਾ ਟ੍ਰਾਂਸਫਾਰਮਰ ਗਲਤ ਥਾਂ 'ਤੇ ਲਗਾਇਆ ਗਿਆ ਹੈ, ਉਨ੍ਹਾਂ ਮੰਗ ਕੀਤੀ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਇਸਨੂੰ ਬਦਲ ਕੇ ਕਿਸੇ ਹੋਰ ਥਾਂ 'ਤੇ ਲਗਾਇਆ ਜਾਵੇ।


author

Gurminder Singh

Content Editor

Related News